ਬੰਗਾ, 26 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)- ਪੰਜਾਬ ਸਰਕਾਰ ਸੜਕਾਂ 'ਤੇ ਘੁੰਮ ਰਹੇ ਅਨਾਥ, ਗਰੀਬ ਜਾਂ ਭੀਖ ਮੰਗ ਰਹੇ ਬੱਚਿਆਂ ਦੇ ਆਧਾਰ ਕਾਰਡ ਬਣਾ ਕੇ ਉਹਨਾਂ ਨੂੰ ਉਹਨਾਂ ਦੇ ਹੱਕ ਦੀਆਂ ਸਹੂਲਤਾਂ ਮੁਹੱਈਆ ਕਰਾਏ | ਜਿਸ ਦੇ ਲਈ ਉਸਨੂੰ ਸਰਲ ਯੋਜਨਾ ਤਿਆਰ ਕਰਨੀ ਚਾਹੀਦੀ ਹੈ | ਆਧਾਰ ਕਾਰਡ ਲਾਜ਼ਮੀ ਹੋਣ ਕਰਕੇ ਹਰੇਕ ਸਹੂਲਤ ਆਧਾਰ ਕਾਰਡ 'ਤੇ ਹੀ ਮਿਲਦੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਅਮਰਜੀਤ ਸਿੰਘ ਕਰਨਾਣਾ ਪ੍ਰਧਾਨ ਸ਼ਹੀਦ ਭਗਤ ਸਿੰਘ ਸ਼ੋਸ਼ਲ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਪੰਜਾਬ ਨੇ ਪੱਤਰਕਾਰਾਂ ਦੇ ਸਨਮੁੱਖ ਕੀਤਾ | ਉਹਨਾਂ ਕਿਹਾ ਕਿ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਬੱਚਿਆਂ ਤੱਕ ਪੁੱਜਦਾ ਕਰਨ ਲਈ ਉਹਨਾਂ ਦਾ ਆਧਾਰ ਕਾਰਡ ਤੁਰੰਤ ਬਣਾਇਆ ਜਾਵੇ | ਉਹਨਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਪੰਜਾਬ ਦੇ ਅੰਮਿ੍ਤਸਰ ਵਰਗੇ ਸ਼ਹਿਰਾਂ ਵਿੱਚ ਭੀਖ ਮੰਗਦੇ ਬੱਚਿਆਂ ਨੂੰ ਭੀਖ ਮੰਗਣ ਤੋਂ ਰੋਕ ਤਾਂ ਦਿੱਤਾ ਗਿਆ ਹੈ, ਪਰ ਹਾਲੇ ਤੱਕ ਉਹਨਾਂ ਦੇ ਆਧਾਰ ਕਾਰਡ ਬਣਾਉਣ ਦੇ ਲਈ ਸਰਕਾਰ ਨੇ ਪਹਿਲ ਨਹੀਂ ਕੀਤੀ | ਇਹਨਾਂ ਬੱਚਿਆਂ ਦਾ ਆਧਾਰ ਕਾਰਡ ਬਣਾਉਣ ਲਈ ਸਰਕਾਰ ਜਲਦੀ ਤੋਂ ਜਲਦੀ ਇਹਨਾਂ ਬੱਚਿਆਂ ਦੇ ਜਨਮ ਸਰਟੀਫਿਕੇਟ ਬਣਾਉਣ ਲਈ ਡਾਕਟਰਾਂ ਦੀ ਮਦਦ ਲਏ | ਤਦ ਹੀ ਇਨ੍ਹਾਂ ਦਾ ਆਧਾਰ ਕਾਰਡ ਬਣ ਸਕੇਗਾ | ਸੁਸਾਇਟੀ ਵਲੋਂ ਵੀ ਇਸ ਸਹੂਲਤ ਲਈ ਇਨ੍ਹਾਂ ਬੱਚਿਆਂ ਦੀ ਮਦਦ ਕੀਤੀ ਜਾਵੇਗੀ | ਇਸ ਸਬੰਧੀ ਕਰਨਾਣਾ ਨੇ ਜਦੋਂ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਨੂੰ ਮੰਗ ਪੱਤਰ ਦਿੱਤਾ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਇੰਡੀਆ ਪੱਧਰ ਦਾ ਮਸਲਾ ਹੈ | ਕਰਨਾਣਾ ਨੇ ਇਸ ਸਬੰਧੀ ਕਿਹਾ ਕਿ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਜ਼ਿਲ੍ਹੇ ਦੇ ਬੱਚਿਆਂ ਨੂੰ ਇਹ ਸਹੂਲਤਾਂ ਮੁਹੱਈਆ ਕਰਵਾ ਦੇਣ | ਇੰਡੀਆ ਲੈਵਲ 'ਤੇ ਵੀ ਜਲਦ ਹੀ ਇਹ ਸੰਭਵ ਹੋ ਜਾਵੇਗਾ |