ਸੜੋਆ, 26 ਅਪ੍ਰੈਲ (ਹਰਮੇਲ ਸਿੰਘ ਸਹੂੰਗੜਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ ਵਿਖੇ ਵਿਸ਼ਵ ਮਲੇਰੀਆ ਰੋਕੂ ਦਿਵਸ ਮਨਾਇਆ | ਜਿਸ ਵਿੱਚ ਹੈਲਥ ਇੰਸਪੈਕਟਰ ਆਦਰਸ਼ ਕੁਮਾਰ ਨੇ ਦੱਸਿਆ ਕਿ ਮਲੇਰੀਆ ਦਿਵਸ ਦਾ ਮੁੱਖ ਉਦੇਸ਼ ਲੋਕਾਂ ਨੂੰ ਮਲੇਰੀਏ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਬਚਾਅ ਸਬੰਧੀ ਜਾਗਰੂਕ ਕਰਨਾ ਹੈ | ਮਲੇਰੀਆ ਦੀ ਰੋਕਥਾਮ ਕਰਨਾ ਸਾਡੀ ਨੈਤਿਕ ਜਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਮਲੇਰੀਆ ਬੁਖਾਰ ਮਾਦਾ ਐਨਾ ਫਰੀਜ਼ ਮੱਛਰਾਂ ਦੇ ਕੱਟਣ ਨਾਲ ਫੈਲਦਾ ਹੈ ਅਤੇ ਇਹ ਮੱਛਰ ਸਾਫ ਖੜ੍ਹੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ | ਇਹ ਮੱਛਰ ਰਾਤ ਵੇਲੇ ਅਤੇ ਸਵੇਰ ਵੇਲੇ ਕੱਟਦਾ ਹੈ | ਉਨ੍ਹਾਂ ਮਲੇਰੀਏ ਦੇ ਲੱਛਣਾਂ ਸਬੰਧੀ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਇਸ ਨਾਲ ਠੰਢ ਅਤੇ ਕਾਂਬੇ ਨਾਲ ਬੁਖਾਰ ਹੋਣਾ, ਤੇਜ਼ ਬੁਖਾਰ ਅਤੇ ਸਿਰ ਦਰਦ ਹੋਣਾ, ਬੁਖਾਰ ਉਤਰਨ ਤੋਂ ਬਾਅਦ ਸਰੀਰ ਵਿੱਚ ਕੰਮਜੋਰੀ ਹੋਣ ਅਤੇ ਸਰੀਰ ਨੂੰ ਪਸੀਨਾ ਆਉਣ ਹੋ ਸਕਦਾ ਹੈ | ਮਲੇਰੀਏ ਤੋਂ ਬਚਾਅ ਲਈ ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ | ਇਸ ਮੌਕੇ ਕਾਰਜਕਾਰੀ ਪਿ੍ੰਸੀਪਲ ਰਿਤੂ ਮਿਨਹਾਸ, ਮਾ. ਜੁਝਾਰ ਸਿੰਘ ਸਹੂੰਗੜਾ, ਵਿਜੇ ਕੁਮਾਰ ਗੋਲਡੀ, ਸੁਰਿੰਦਰ ਪਾਲ ਸਿੰਘ, ਗੁਰਕ੍ਰਿਪਾਲ ਸਿੰਘ ਸੰਧੂ, ਹਰਕੀਤ ਸਿੰਘ, ਗੁਰਸੇਵਾ ਕਾਲਜ ਤੋਂ ਡਾ. ਹਰਪ੍ਰੀਤ ਕੌਰ ਤੇ ਕਾਲਜ ਦੀਆਂ ਵਿਦਿਆਰਥਣਾਂ ਤੇ ਹੋਰ ਹਾਜ਼ਰ ਸਨ |