ਮੁਕੰਦਪੁਰ, 26 ਅਪ੍ਰੈਲ (ਅਮਰੀਕ ਸਿੰਘ ਢੀਂਡਸਾ)-ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਮਲਵਿੰਦਰ ਸਿੰਘ ਕੰਗ ਨੇ ਗ੍ਰਾਮ ਪੰਚਾਇਤ ਪਿੰਡ ਸਰਹਾਲ ਕਾਜ਼ੀਆਂ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ | ਇਸ ਮੌਕੇ ਉਨ੍ਹਾਂ ਨਾਲ ਵਾਈਸ ਚੇਅਰਮੈਨ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਕੁਲਜੀਤ ਸਰਹਾਲ ਵੀ ਹਾਜ਼ਰ ਸਨ | ਇਸ ਦੌਰਾਨ ਮੈਂਬਰ ਪਾਰਲੀਮੈਂਟ ਵੱਲੋਂ ਪਿੰਡ ਵਾਸੀਆਂ ਦੀ ਸਹੂਲਤ ਲਈ ਨਵੇਂ ਬਣੇ ਕਮਿਊਨਿਟੀ ਹਾਲ ਅਤੇ ਸ਼ਮਸ਼ਾਨਘਾਟ ਦਾ ਉਦਘਾਟਨ ਕਰਕੇ ਇਹ ਲੋਕ ਅਰਪਣ ਕੀਤੇ ਗਏ | ਉਹਨਾਂ ਦੱਸਿਆ ਕਿ ਪਿੰਡ ਸਰਹਾਲ ਕਾਜ਼ੀਆਂ ਵਿਖੇ ਵੱਖ-ਵੱਖ ਵਿਕਾਸ ਕਾਰਜਾਂ 'ਤੇ 9 ਲੱਖ ਰੁਪਏ ਖ਼ਰਚ ਕੀਤੇ ਗਏ ਹਨ | ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਗ੍ਰਾਮ ਪੰਚਾਇਤ ਨੂੰ ਸਰਕਾਰੀ ਗਰਾਂਟਾਂ ਦੀ ਸਹੀ ਵਰਤੋਂ ਕਰਨ ਅਤੇ ਵਿਕਾਸ ਕਾਰਜਾਂ ਦੀ ਗੁਣਵੱਤਾ ਬਰਕਰਾਰ ਰੱਖਣ ਲਈ ਵੀ ਕਿਹਾ | ਉਹਨਾਂ ਨੇ ਕਿਹਾ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਪਿੰਡਾਂ ਵਿੱਚ ਵਿਕਾਸ ਕਾਰਜਾਂ ਨੂੰ ਨਿਰਧਾਰਿਤ ਸਮੇਂ ਅੰਦਰ ਮਿਆਰੀ ਕੰਮ ਯਕੀਨੀ ਬਣਾਇਆ ਜਾ ਰਿਹਾ ਹੈ | ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਬੰਗਾ ਬਲਬੀਰ ਕਰਨਾਣਾ, ਸਰਪੰਚ, ਪੰਚਾਇਤ ਮੈਂਬਰ, ਬੀ.ਡੀ.ਪੀ.ਓ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਅਤੇ ਪਿੰਡ ਵਾਸੀ ਹਾਜ਼ਰ ਸਨ |