ਬਲਾਚੌਰ, 2 ਮਈ (ਨਰੇਸ਼ ਧੌਲ)-ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਭਾਵੇਂ ਆਪਣੇ ਕਾਰਜਕਾਲ ਦੌਰਾਨ ਮਾਲ ਵਿਭਾਗ ਸੰਬੰਧੀ ਕਾਰਜਾਂ ਵਿਚ ਪਾਰਦਰਸ਼ਤਾ ਲਿਆਉਣ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ ਪਰ ਅਸਲੀਅਤ ਇਸ ਤੋਂ ਕੋਹਾਂ ਦੂਰ ਜਾਪ ਰਹੀ ਹੈ | ਇਨ੍ਹਾਂ ਪ੍ਰੇਸ਼ਾਨੀਆਂ ਸੰਬੰਧੀ ਯੂਥ ਆਗੂ ਅਕਾਲੀ ਦਲ (ਵਾਰਿਸ ਪੰਜਾਬ ਦੇ) ਐਡਵੋਕੇਟ ਪ੍ਰਵੇਸ਼ ਖੋਸਲਾ ਵਲੋਂ ਆਪਣੇ ਸਾਥੀਆਂ ਸਮੇਤ ਐਸ. ਡੀ. ਐਮ. ਬਲਾਚੌਰ ਰਾਹੀਂ ਇਕ ਮੰਗ ਪੱਤਰ ਡੀ. ਸੀ. ਸ਼ਹੀਦ ਭਗਤ ਸਿੰਘ ਨਗਰ ਨੂੰ ਭੇਜਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਗਿਆ ਕਿ ਮਾਲ ਵਿਭਾਗ ਦੇ ਪਟਵਾਰਖਾਨੇ ਜਦੋਂ ਵੀ ਕੋਈ ਕਿਸਾਨ ਭਰਾ ਜਾਂ ਆਮ ਜਨਤਾ ਜ਼ਮੀਨ ਸੰਬੰਧੀ ਕਾਗਜ਼ ਲੈਣ ਲਈ ਜਾਂਦੇ ਹਨ ਤਾਂ ਭਾਰੀ ਖੱਜਲ ਖੁਆਰੀ ਅਤੇ ਲੁੱਟ ਖਸੁੱਟ ਦਾ ਸ਼ਿਕਾਰ ਹੁੰਦੇ ਹਨ | ਉਨ੍ਹਾਂ ਦੱਸਿਆ ਕਿ ਜ਼ਮੀਨ ਸੰਬੰਧੀ ਕਾਗਜ਼ਾਤ ਜਿਵੇਂ ਕਿ ਨਕਲ, ਅਕਸ, ਸੀਜਰਾ ਨਕਲ, ਫਰਦ ਹਕੀਕਤ, ਨਕਲ ਖਸਰਾ, ਗਿਦਾਵਰੀ ਵਗੈਰਾ ਲੈਣ ਲਈ ਜਾਂਦੇ ਹਨ ਤਾਂ ਉਥੇ ਕੋਈ ਸਰਕਾਰੀ ਰੇਟ ਲਿਸਟ ਦਾ ਸਾਈਨ ਬੋਰਡ ਨਾ ਲੱਗਿਆ ਹੋਣ ਕਾਰਨ ਬੇਵਜਾ ਖੱਜਲ ਖੁਆਰੀ ਤੇ ਲੁੱਟ ਖਸੁੱਟ ਕੀਤੀ ਜਾਂਦੀ ਹੈ | ਜਦਕਿ ਆਮ ਜਨਤਾ ਤੇ ਕਿਸਾਨ ਭਰਾਵਾਂ ਨੂੰ ਇਨ੍ਹਾਂ ਕਾਗਜ਼ਾਂ ਦੀ ਅਸਲ ਕੀਮਤ ਦਾ ਕੋਈ ਗਿਆਨ ਨਹੀਂ ਹੁੰਦਾ | ਉਨ੍ਹਾਂ ਕਿਹਾ ਕਿ ਪਟਵਾਰਖਾਨਿਆਂ ਦੇ ਅੰਦਰ ਤੇ ਵਾਰ ਸੰਬੰਧਤ ਕਾਗਜ਼ਾਂ ਨੂੰ ਲੈਣ ਲਈ ਰੇਟ ਦਾ ਬੋਰਡ ਅਤੇ ਸਮਾਂ ਲਿਖਿਆ ਹੋਣਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਤੇ ਆਮ ਜਨਤਾ ਨੂੰ ਲੁੱਟ ਖਸੁੱਟ ਅਤੇ ਖੱਜਲ ਖੁਆਰੀ ਦਾ ਸ਼ਿਕਾਰ ਨਾ ਹੋਣਾ ਪਵੇ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਇਸ ਤਰ੍ਹਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਕੁੰਭ ਕਰਨੀ ਨੀਂਦ ਸੁੱਤੀ ਹੋਈ ਜਾਪ ਰਹੀ ਹੈ | ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਵੱਡੀ ਸਮੱਸਿਆ ਦਾ ਹੱਲ ਪਹਿਲ ਦੇ ਅਧਾਰ 'ਤੇ ਕਰਵਾਇਆ ਜਾਵੇ | ਉਨ੍ਹਾਂ ਚਿਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਜੇਕਰ ਇਸ ਮੁੱਖ ਸਮੱਸਿਆ ਦਾ ਹੱਲ ਕੁੱਝ ਸਮੇਂ ਅੰਦਰ ਨਾ ਕੀਤਾ ਗਿਆ ਤਾਂ ਇਲਾਕਾ ਵਾਸੀਆਂ ਨੂੰ ਨਾਲ ਲੈ ਕੇ ਸਮੁੱਚਾ ਅਕਾਲੀ ਦਲ 'ਵਾਰਿਸ ਪੰਜਾਬ ਦੇ' ਵੱਲੋਂ ਵੱਡੇ ਸੰਘਰਸ਼ ਦਾ ਰਾਹ ਅਪਣਾਇਆ ਜਾਵੇਗਾ | ਇਸ ਮੌਕੇ ਬਲਦੇਵ ਸਿੰਘ ਖੋਸਲਾ, ਸਾਬਕਾ ਸਰਪੰਚ ਨਰਾਇਣ ਚੰਦ, ਸੂਬੇਦਾਰ ਮਦਨ ਲਾਲ ਸਿਆਣਾ, ਰਮੇਸ਼ ਕੁਮਾਰ ਮੁੱਤੋਂ, ਸੁਖਵਿੰਦਰ ਸਿੰਘ ਸਿਆਣਾ, ਗੁਰਮੁੱਖ ਸਿੰਘ ਮਹਿਮੂਦਪੂਰ, ਕੁਲਵੰਤ ਸਿੰਘ, ਗੁਰਮੁੱਖ ਸਿੰਘ ਰਾਮਗੜ੍ਹੀਆ, ਪਰਮਜੀਤ ਸਿੰਘ ਬੰਗਾ ਬੇਟ, ਬਲਵਿੰਦਰ ਸਿੰਘ ਰੱਤੇਵਾਲ, ਲਖਵੀਰ ਸਿੰਘ ਮਹਿਮੂਦਪੂਰ ਅਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ |