ਬਲਾਚੌਰ, 2 ਮਈ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)-ਪੰਜਾਬ ਸਰਕਾਰ ਦੀ 'ਮੁੱਖ ਮੰਤਰੀ ਤੀਰਥ ਯਾਤਰਾ' ਸਕੀਮ ਤਹਿਤ ਬੱਸ ਪਿੰਡ ਗਹੂੰਣ ਤੋਂ ਸ਼ਰਧਾ ਨਾਲ ਰਵਾਨਾ ਕੀਤੀ ਗਈ | ਢੋਲ ਦੀ ਥਾਪ ਤੇ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਦੀ ਗੂੰਜ ਵਿਚ ਬਜ਼ੁਰਗ ਸ਼ਰਧਾਲੂਆਂ ਦੇ ਜਥੇ ਨੂੰ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਵਲੋਂ ਹਰੀ ਝੰਡੀ ਦਿਖਾ ਕੇ ਸ੍ਰੀ ਅੰਮਿ੍ਤਸਰ ਸਾਹਿਬ ਲਈ ਰਵਾਨਾ ਕੀਤਾ | ਇਸ ਮੌਕੇ ਚੇਅਰਮੈਨ ਸਤਨਾਮ ਜਲਾਲਪੁਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਵਣ ਪੁੱਤ ਬਣ ਸੂਬੇ ਦੇ ਬਜ਼ੁਰਗਾਂ ਨੂੰ ਮੁਫ਼ਤ ਤੀਰਥ ਯਾਤਰਾ ਕਰਵਾ ਰਹੇ ਹਨ | ਇਹ ਉਪਰਾਲਾ ਪੰਜਾਬ ਦੀ ਅਮੀਰ ਵਿਰਾਸਤ ਤੇ ਸ਼ਹੀਦੀ ਯਾਦਗਾਰਾਂ ਨਾਲ ਜੋੜਨ ਵਾਲਾ ਇਤਿਹਾਸਕ ਕਦਮ ਹੈ | ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ, ਭਗਵਾਨ ਵਾਲਮੀਕਿ ਤੀਰਥ ਸਮੇਤ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਸਥਿਤ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ | ਇਸ ਦੇ ਨਾਲ ਹੀ ਦੇਸ਼ ਭਗਤੀ ਦੇ ਪ੍ਰਤੀਕ ਜਲਿਆਂਵਾਲਾ ਬਾਗ ਤੇ ਵਾਹਗਾ ਬਾਰਡਰ ਵਿਖੇ ਹੋਣ ਵਾਲੀ ਰਿਟਰੀਟ ਸੈਰੇਮਨੀ ਆਦਿ ਵੀ ਦਿਖਾਏ ਜਾਣਗੇ | ਰਵਾਨਗੀ ਸਮੇਂ ਪਿੰਡ ਦੇ ਨੰਬਰਦਾਰ, ਸਰਪੰਚ, ਪੰਚਾਇਤ ਮੈਂਬਰ, ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਪਤਵੰਤੇ ਸੱਜਣ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਗੁਰਦੁਆਰਾ ਸਿੰਘ ਸਭਾ ਦੇ ਮੁੱਖ ਸੇਵਾਦਾਰ ਹਰਮੇਲ ਸਿੰਘ ਹੇਮਕੁੰਟ, ਨੰਬਰਦਾਰ ਰਾਮ ਕਿਸ਼ਨ, ਕਸ਼ਮੀਰ ਸਿੰਘ ਮੈਂਬਰ ਪੰਚਾਇਤ, ਸਰਪੰਚ ਗੁਰਦੀਪ ਕੌਰ ਦੇ ਪਤੀ ਹਰਵਿੰਦਰ ਸਿੰਘ ਸੰਨੀ, ਸਾਬਕਾ ਸਰਪੰਚ ਜਸਵੰਤ ਸਿੰਘ ਜੱਸੀ, ਸਾਬਕਾ ਸਰਪੰਚ ਬਿੰਦਰ ਰਾਮ, ਸਾਬਕਾ ਸਰਪੰਚ ਮਦਨ ਲਾਲ, ਠੇਕੇਦਾਰ ਤਿਲਕ ਰਾਜ, ਮਾਸਟਰ ਹਰਮੇਸ਼ ਲਾਲ, ਕੇਹਰ ਸਿੰਘ, ਦਿਲਾਬਰ ਸਿੰਘ, ਪਾਖਰ ਸਿੰਘ, ਹਰਦੀਪ ਸਿੰਘ ਗਹੂੰਣ ਆਦਿ ਪਤਵੰਤੇ ਹਾਜ਼ਰ ਸਨ | ਯਾਤਰਾ 'ਤੇ ਜਾ ਰਹੇ ਬਜ਼ੁਰਗਾਂ ਨੇ ਪ੍ਰਬੰਧਕਾਂ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਦਿਲੋਂ ਦੁਆਵਾਂ ਦਿੱਤੀਆਂ | ਯਾਤਰਾ ਪ੍ਰਬੰਧਕ ਸੋਨੀਆ ਰਾਣੀ, ਓਮਕਾਰ ਚੌਧਰੀ, ਮਨਪ੍ਰੀਤ ਸਿੰਘ ਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਾਰੇ ਯਾਤਰੀਆਂ ਦੇ ਖਾਣ-ਪੀਣ, ਰਿਹਾਇਸ਼ ਤੇ ਮੈਡੀਕਲ ਸਹੂਲਤਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ |