ਬਲਾਚੌਰ, 2 ਮਈ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ) - ਪੀ.ਏ.ਯੂ.- ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਵੱਲੋਂ ਵਿਦਿਆਰਥੀਆਂ ਵਿੱਚ ਸਰੀਰਕ ਅਤੇ ਮਾਨਸਿਕ ਤੰਦਰੁਸਤੀ, ਅਤੇ ਵਾਤਾਵਰਣ ਪ੍ਰਤੀ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਸਥਾਨਕ ਪਹਾੜੀਆਂ ਵੱਲ ਕੁਦਰਤ ਦੀ ਅਨੰਦ ਸੈਰ ਕਰਵਾਈ ਗਈ | ਸਵੇਰੇ 5:30 ਤੋਂ 7:30 ਤੱਕ ਚੱਲੀ ਇਸ ਗਤੀਵਿਧੀ ਵਿੱਚ ਕਾਲਜ ਦੇ 54 ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ | ਇਸ ਸੈਰ ਵਿੱਚ ਵਿਦਿਆਰਥੀਆਂ ਨੇ ਸਥਾਨਕ ਪਹਾੜੀ ਦੇ ਟਾਵਰ ਤੱਕ ਟ੍ਰੈਕਿੰਗ ਕੀਤੀ, ਜਿੱਥੇ ਉਨ੍ਹਾਂ ਨੇ ਸੁੰਦਰ ਦਿ੍ਸ਼ਾਂ ਦਾ ਆਨੰਦ ਮਾਣਿਆ ਅਤੇ ਕੰਢੀ ਖੇਤਰ ਦੀ ਕੁਦਰਤੀ ਸੁੰਦਰਤਾ ਦਾ ਅਨੁਭਵ ਕੀਤਾ | ਸੈਰ ਦੌਰਾਨ ਵਿਦਿਆਰਥੀਆਂ ਨੇ ਸਥਾਨਕ ਬਨਸਪਤੀ, ਅਤੇ ਜੈਵਿਕ ਵਿਵਿਧਤਾ ਦਾ ਅਧਿਐਨ ਕੀਤਾ, ਜਿਸ ਨਾਲ ਉਨ੍ਹਾਂ ਨੂੰ ਖੇਤਰ ਦੇ ਕੁਦਰਤੀ ਸਰੋਤਾਂ ਬਾਰੇ ਵਧੀਆ ਜਾਣਕਾਰੀ ਪ੍ਰਾਪਤ ਹੋਈ | ਇਸ ਸੈਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਨਿਯਮਿਤ ਸਰੀਰਿਕ ਕਿਰਿਆਵਾਂ ਰਾਹੀਂ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਅਤੇ ਕੁਦਰਤ ਨਾਲ ਉਨ੍ਹਾਂ ਦੀ ਨਜ਼ਦੀਕੀ ਵਧਾਉਣਾ ਸੀ | ਵਿਦਿਆਰਥੀਆਂ ਨੇ ਖੇਤੀਬਾੜੀ ਕਾਲਜ ਦੇ ਫਾਰਮ ਖੇਤਰ ਦਾ ਵੀ ਦੌਰਾ ਕੀਤਾ | ਕਾਲਜ ਦੇ ਡੀਨ ਸਮੇਤ ਅਧਿਆਪਕਾਂ ਨੇ ਵੀ ਇਸ ਸੈਰ ਵਿੱਚ ਸਰਗਰਮ ਭਾਗ ਲਿਆ ਅਤੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ | ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਇਸ ਸੈਰ ਦਾ ਅਨੰਦ ਮਾਣਿਆ, ਜਿਸ ਨਾਲ ਇਹ ਪ੍ਰੋਗਰਾਮ ਸਭ ਲਈ ਤਾਜ਼ਗੀ ਭਰਿਆ ਅਤੇ ਸਿੱਖਣ ਵਾਲਾ ਅਨੁਭਵ ਬਣਿਆ |