ਨਵਾਂਸ਼ਹਿਰ, 5 ਮਈ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਵਿਖੇ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਚਾਰ ਵਾਰ ਕੌਂਸਲਰ ਬਣ ਚੁੱਕੇ ਸੀਨੀਅਰ ਕਾਂਗਰਸੀ ਆਗੂ ਚੇਤ ਰਾਮ ਰਤਨ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਿਲ ਹੋ ਗਏ | ਉਨ੍ਹਾਂ ਦਾ ਭਾਜਪਾ 'ਚ ਸ਼ਾਮਿਲ ਹੋਣ ਸਮੇਂ ਡਾ. ਸੁਭਾਸ ਸ਼ਰਮਾ, ਐਡਵੋਕੇਟ ਵਿਸ਼ਾਲ ਸ਼ਰਮਾ, ਸੰਜੀਵ ਭਾਰਦਵਾਜ ਨੇ ਸਵਾਗਤ ਕੀਤਾ | ਉਨ੍ਹਾਂ ਆਖਿਆ ਕਿ ਕਾਂਗਰਸ ਪਾਰਟੀ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ, ਕਿਉਂਕਿ ਕਾਂਗਰਸ ਦੇ ਆਗੂ ਇਸ ਸਮੇਂ ਪਾਰਟੀ ਦੇ ਆਗੂਆਂ ਦੀ ਸਾਰ ਲੈਣ ਦੀ ਬਜਾਏ, ਹੈਂਕੜਬਾਜ਼ੀ ਨੂੰ ਤਰਜੀਹ ਦੇ ਰਹੇ ਹਨ | ਉਨ੍ਹਾਂ ਆਖਿਆ ਕਿ ਕਿਸੇ ਸਮੇਂ ਕਾਂਗਰਸ ਦਾ ਗੜ੍ਹ ਮੰਨੇ ਜਾਣ ਵਾਲੇ ਨਵਾਂਸ਼ਹਿਰ 'ਚ ਇਸ ਸਮੇਂ ਕਾਂਗਰਸ ਪਾਰਟੀ ਖੇਰੰੂ-ਖੇਰੰੂ ਹੋ ਰਹੀ ਹੈ | ਚੇਤ ਰਾਮ ਨੇ ਆਖਿਆ ਕਿ ਉਨ੍ਹਾਂ ਨੇ ਸਹੀ ਫ਼ੈਸਲਾ ਲੈ ਕੇ ਭਾਜਪਾ ਨੂੰ ਚੁਣਿਆ | ਚੇਤ ਰਾਮ ਰਤਨ ਦਾ ਭਾਜਪਾ 'ਚ ਸ਼ਾਮਿਲ ਹੋਣ ਸਮੇਂ ਪਾਰਟੀ ਆਗੂਆਂ ਵਲੋਂ ਸਵਾਗਤ ਕੀਤਾ ਅਤੇ ਸਨਮਾਨ ਕੀਤਾ | ਇਸ ਮੌਕੇ ਡਿੰਪਲ ਭਾਰਦਵਾਜ, ਦੇਵ ਥਿੰਦ, ਮਨੀਸ਼ ਅਗਨੀਹੋਤਰੀ, ਡਾ. ਅਸ਼ਵਨੀ ਧੀਰ, ਡਾ. ਨਰੇਸ਼ ਰਾਵਲ, ਦਰਸ਼ਨ ਸਿੰਘ, ਸੁਨੀਤਾ ਗੌਤਮ, ਚੰਦਰ ਮੋਹਨ, ਸੁਖਵਿੰਦਰ ਸੰਧੂ, ਨਿਰਮਲ ਰਾਜਪੂਤ, ਅਸ਼ਵਨੀ ਨਈਅਰ, ਹਰਜਿੰਦਰ ਬਜਾਜ, ਸੁਰਿੰਦਰ ਬਗਾਣੀਆ ਆਦਿ ਹਾਜ਼ਰ ਸਨ |
ਨਵਾਂਸ਼ਹਿਰ 'ਚ ਕਾਂਗਰਸੀ ਕੌਂਸਲਰ ਚੇਤ ਰਾਮ ਭਾਜਪਾ 'ਚ ਹੋਏ ਸ਼ਾਮਿਲ
ਅਜੀਤ ਡੈਸਕ
06-05-2026