ਉਸਮਾਨਪੁਰ, 13 ਮਈ (ਸੰਦੀਪ ਮਝੂਰ)-ਦੁਪਾਲਪੁਰ ਸਥਿਤ ਦਾਣਾ ਮੰਡੀ 'ਚ ਕਣਕ ਦੀ ਚੁਕਾਈ ਨਾ ਹੋਣ ਕਰਕੇ ਜਿੱਥੇ ਮੰਡੀ ਵਿਚ ਬੋਰੀਆਂ ਦੇ ਅੰਬਾਰ ਲੱਗ ਗਏ ਹਨ, ਉਥੇ ਨਾਲ ਹੀ ਆੜ੍ਹਤੀ ਅਤੇ ਮਜ਼ਦੂਰ ਪ੍ਰੇਸ਼ਾਨ ਹਨ | ਇਸ ਮੌਕੇ ਆੜ੍ਹਤੀਆਂ ਅਮਨਦੀਪ ਸਿੰਘ, ਸਚਿਨ ਕੁਮਾਰ, ਹਰਬੰਸ ਸਿੰਘ ਅਤੇ ਕੁਝ ਮਜ਼ਦੂਰਾਂ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਇਸ ਸਬੰਧੀ ਕੋਈ ਵੀ ਕਦਮ ਨਾ ਚੁੱਕੇ ਜਾਣ ਕਰਕੇ ਮੰਡੀ ਵਿਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ | ਮੰਡੀ ਚਲਦੀ ਨੂੰ ਇੱਕ ਮਹੀਨੇ ਤੋਂ ਵਧ ਦਾ ਸਮਾਂ ਹੋ ਗਿਆ ਹੈ, ਹੁਣ ਸਾਰੀ ਕਣਕ ਮੰਡੀਆਂ ਵਿਚ ਆ ਚੁੱਕੀ ਹੈ | ਸੀਜ਼ਨ ਵੀ ਖਤਮ ਹੋ ਗਿਆ ਹੈ, ਪਰ ਅਜੇ ਤੱਕ ਵੀ ਮੰਡੀ ਵਿਚ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ | ਜਿਸ ਕਾਰਨ ਮਜ਼ਦੂਰਾਂ ਨੂੰ ਦੋ ਵਕਤ ਦੀ ਰੋਟੀ ਦੇ ਲਾਲੇ ਪਏ ਹੋਏ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਮੰਡੀ ਦਾ ਸੀਜ਼ਨ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੇ ਹੋਰ ਵੀ ਕੰਮ ਕਰਨੇ ਹਨ, ਪਰ ਕਣਕ ਦੀ ਲਿਫਟਿੰਗ ਨਾ ਹੋਣ ਕਰਕੇ ਉਹ ਵਿਚਾਲੇ ਹੀ ਫਸੇ ਹੋਏ ਹਨ | ਉਧਰ ਆੜ੍ਹਤੀਆਂ ਦਾ ਤਰਕ ਹੈ ਕਿ ਰੋਜ਼ਾਨਾ ਮੌਸਮ ਖਰਾਬ ਹੋ ਰਿਹਾ ਹੈ ਅਤੇ ਜੇਕਰ ਮੀਂਹ ਪੈਂਦਾ ਹੈ ਤਾਂ ਏਨੇ ਵੱਡੇ ਪੱਧਰ 'ਤੇ ਕਣਕ ਦੀ ਸਾਂਭ-ਸੰਭਾਲ ਕਰਨੀ ਕਾਫੀ ਔਖੀ ਹੋ ਜਾਵੇਗੀ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਮੰਡੀ ਵਿਚੋਂ ਜਲਦ ਤੋਂ ਜਲਦ ਕਣਕ ਦੀ ਲਿਫਟਿੰਗ ਕਰਵਾਈ ਜਾਵੇ |