ਨਵਾਂਸ਼ਹਿਰ, 24 ਮਈ (ਦੀਦਾਰ ਸਿੰਘ ਸ਼ੇਤਰਾ)-ਢਾਡੀਆਂ ਦੀ ਸਬ ਤੋਂ ਪੁਰਾਣੀ ਢਾਡੀ ਸੰਸਥਾ ਸ੍ਰੀ ਗੁਰੂ ਹਰਿਗੋਬਿੰਦ ਢਾਡੀ ਸਭਾ ਪੰਜਾਬ ਦੀ ਬੈਠਕ ਗੁਰਦੁਆਰਾ ਸਿੰਘ ਸਭਾ ਨਵਾਂਸ਼ਹਿਰ ਵਿਖੇ ਹੋਈ | ਇਸ ਸਮੇਂ ਢਾਡੀਆਂ ਵਲੋਂ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਤੇ ਡਿਜੀਟਲ ਯੁੱਗ ਵਿਚ ਇਸ ਰਾਗ ਦੀ ਮਹੱਤਤਾ ਬਾਰੇ ਗੰਭੀਰ ਵਿਚਾਰਾਂ ਕੀਤੀਆਂ ਗਈਆਂ | ਢਾਡੀ ਸੁਖਬੀਰ ਸਿੰਘ ਚੌਹਾਨ ਬੁੱਢੀ ਪਿੰਡ ਹੁਸ਼ਿਆਰਪੁਰ ਨੇ ਸਭਾ ਦੇ ਪਿਛੋਕੜ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਸੰਸਥਾ ਦੇ ਵੱਖ-ਵੱਖ ਸਮਿਆਂ 'ਤੇ ਗਿਆਨੀ ਅਵਤਾਰ ਸਿੰਘ ਭੌਰਾ, ਗਿਆਨੀ ਜਸਵੰਤ ਸਿੰਘ ਤਾਨ, ਗਿਆਨੀ ਦਇਆ ਸਿੰਘ ਦਿਲਬਰ ਅਤੇ ਗਿਆਨੀ ਕੁਲਜੀਤ ਸਿੰਘ ਦਿਲਬਰ ਵਰਗੇ ਢਾਡੀ ਰਾਗ ਦੇ ਧੁਨੰਤਰ ਢਾਡੀ ਪ੍ਰਧਾਨ ਰਹੇ ਹਨ | ਚੋਣ ਪ੍ਰਕਿਰਿਆ ਸਮੇਂ ਉਨ੍ਹਾਂ ਢਾਡੀ ਕਸ਼ਮੀਰ ਸਿੰਘ ਕਾਦਰ ਦਾ ਪ੍ਰਧਾਨ ਦੇ ਅਹੁਦੇ ਲਈ ਨਾਂਅ ਪੇਸ਼ ਕੀਤਾ, ਜਿਸ ਦੀ ਢਾਡੀ ਗੁਰਨਾਮ ਸਿੰਘ ਮੋਹੀ ਮੁਹਾਲੀ ਤੇ ਬੀਬੀ ਸੰਦੀਪ ਕੌਰ ਫਗਵਾੜਾ ਨੇ ਤਾਈਦ ਮਜ਼ੀਦ ਕੀਤੀ | ਉਪਰੰਤ ਸਰਬ ਸੰਮਤੀ ਨਾਲ ਢਾਡੀ ਕਸ਼ਮੀਰ ਸਿੰਘ ਕਾਦਰ ਮਹਿੰਦਪੁਰ ਵਾਲਿਆਂ ਨੂੰ ਸ੍ਰੀ ਗੁਰੂ ਹਰਿਗੋਬਿੰਦ ਢਾਡੀ ਸਭਾ ਦਾ ਪ੍ਰਧਾਨ ਚੁਣ ਲਿਆ ਗਿਆ | ਜ਼ਿਕਰਯੋਗ ਹੈ ਕਿ ਢਾਡੀ ਕਸ਼ਮੀਰ ਸਿੰਘ ਕਾਦਰ ਕਾਫ਼ੀ ਸਮਾਂ ਸ੍ਰੀ ਗੁਰੂ ਹਰਿਗੋਬਿੰਦ ਢਾਡੀ ਸਭਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਰਹੇ ਹਨ | ਇਸ ਮੌਕੇ ਢਾਡੀ ਦਲਬੀਰ ਸਿੰਘ ਨਾਗਰਾ, ਭਾਈ ਹਰਪਾਲ ਸਿੰਘ ਭੁੱਲਾਰਾਈ ਤੇ ਭਾਈ ਮਨਜੀਤ ਸਿੰਘ ਹੈੱਡ ਗ੍ਰੰਥੀ ਸ੍ਰੀ ਗੁਰੂ ਸਿੰਘ ਸਭਾ ਨਵਾਂਸ਼ਹਿਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |