ਬੰਗਾ, 24 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਨਗਰ ਕੌਸਲ ਬੰਗਾ ਦੀਆਂ ਚੋਣਾਂ ਵਿਚ ਇਥੋਂ ਦੇ ਵੱਖ-ਵੱਖ ਵਾਰਡਾਂ ਤੋਂ ਮਹਿਲਾ ਉਮੀਦਵਾਰਾਂ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਸਿਆਸੀ ਇਲਜ਼ਾਮਬਾਜ਼ੀ ਤੋਂ ਦੂਰ ਰਹਿ ਕੇ ਇਕ ਭਲੀ ਰੀਤ ਚਲਾਈ ਹੈ | ਚੋਣ ਪ੍ਰਚਾਰ ਦੇ ਆਖਰੀ ਦਿਨ ਤੱਕ ਇਨ੍ਹਾਂ ਮਹਿਲਾ ਉਮੀਦਵਾਰਾਂ ਨੇ ਆਪਸੀ ਈਰਖਾ ਰੱਖਣ ਦੀ ਬਜਾਏ ਸਮਾਜਿਕ ਸਾਂਝ ਤੇ ਭਲਾਈ ਕਾਰਜਾਂ ਨੂੰ ਸਮਰਪਿਤ ਤਕਰੀਰਾਂ ਨੂੰ ਪਹਿਲ ਦਿੱਤੀ | ਮਹਿਲਾ ਉਮੀਦਵਾਰਾਂ ਦੀ ਇਸ ਸੋਚ ਦੀ ਸ਼ਲਾਘਾ ਕਰਦਿਆਂ ਬੰਗਾ ਵਾਸੀਆਂ ਨੇ ਇਸ ਨੂੰ ਮਾਣਮੱਤੀ ਪਹਿਲ ਕਿਹਾ | ਕਾਂਗਰਸ ਦੇ ਵਾਰਡ ਨੰਬਰ 3 ਤੋਂ ਉਮੀਦਵਾਰ ਬਲਵੀਰ ਕੌਰ, ਆਮ ਆਦਮੀ ਪਾਰਟੀ ਦੇ 13 ਤੋਂ ਮੀਨੂੰ ਅਰੋੜਾ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ 9 ਤੋਂ ਤਲਵਿੰਦਰ ਕੌਰ ਨੇ ਕਿਹਾ ਕਿ ਸਿਆਸੀ ਦੂਸ਼ਣਬਾਜ਼ੀ ਨਾਲ ਸਮਾਜਿਕ ਸਾਂਝ ਟੁੱਟਦੀ ਹੈ ਇਸ ਲਈ ਚੋਣਾਂ ਦੇ ਦਿਨਾਂ 'ਚ ਮਿੱਥੇ ਟੀਚਿਆਂ ਬਾਰੇ ਵਿਚਾਰ ਰੱਖਣੇ ਚਾਹੀਦੇ ਹਨ ਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ | ਇਸੇ ਤਰਾਂ ਇੱਥੋਂ ਦੇ ਵਾਰਡ 5 ਤੋਂ ਭਾਰਤੀ ਜਨਤਾ ਪਾਰਟੀ ਦੇ ਅਨੀਤਾ ਖੋਸਲਾ, 7 ਤੋਂ ਬਹੁਜਨ ਸਮਾਜ ਪਾਰਟੀ ਦੇ ਰਵਿੰਦਰ ਮਹਿਮੀ, 11 ਤੋਂ ਆਜ਼ਾਦ ਉਮੀਦਵਾਰ ਕਵਿਤਾ ਅੱਬੀ ਨੇ ਦੱਸਿਆ ਕਿ ਉਨ੍ਹਾਂ ਨੇ ਸਾਰੀਆਂ ਜਨ ਸਭਾਵਾਂ ਦੌਰਾਨ ਵੋਟਰਾਂ ਸਾਹਮਣੇ ਆਪਣੇ ਚੋਣ ਪ੍ਰਚਾਰ ਦੌਰਾਨ ਆਪੋ ਆਪਣੇ ਵਾਰਡ ਦੀਆਂ ਸਮੱਸਿਆਂਵਾਂ ਹੱਲ ਕਰਾਉਣ ਦਾ ਵਾਅਦਾ ਕੀਤਾ ਹੈ ਅਤੇ ਆਪੋ ਆਪਣੇ ਵਾਰਡਾਂ ਨੂੰ ਸ਼ਹਿਰ ਦੇ ਉਦਾਹਰਣ ਵਾਰਡ ਬਣਾਉਣ ਦਾ ਅਹਿਦ ਲਿਆ ਹੈ | ਚੋਣ ਮੈਦਾਨ ਵਿਚ ਉਤਰੀਆਂ ਮਹਿਲਾ ਉਮੀਦਵਾਰਾਂ ਦੇ ਇਸ ਉਸਾਰੂ ਰਵੱਈਏ ਦੀ ਸ਼ਲਾਘਾ ਕਰਦਿਆਂ ਸਮਾਜਿਕ ਸਾਂਝ ਸੰਸਥਾ ਬੰਗਾ ਵਲੋਂ ਨਤੀਜੇ ਬਾਅਦ ਜੇਤੂ ਮਹਿਲਾਵਾਂ ਨੂੰ 'ਸੁਨਹਿਰੀ ਸੋਚ' ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ | ਸੰਸਥਾ ਦੇ ਸੰਸਥਾਪਕ ਸੁਰਜੀਤ ਮਜਾਰੀ ਨੇ ਦੱਸਿਆ ਕਿ ਰਾਜਨੀਤੀ ਖੇਤਰ ਵਿਚ ਆਉਣ ਤੋਂ ਲੈ ਕੇ ਨਗਰ ਕੌਂਸਲ ਦੇ ਉਮੀਦਵਾਰ ਵਜੋਂ ਚੋਣ ਲੜਣ ਤੱਕ ਸਾਫ਼ ਸੁਥਰੀ ਰਾਜਨੀਤੀ ਦੀਆਂ ਧਾਰਨੀ ਮਹਿਲਾ ਆਗੂ ਸਤਿਕਾਰ ਦੀਆਂ ਪਾਤਰ ਹਨ |