ਬਹਿਰਾਮ, 24 ਮਈ (ਨਛੱਤਰ ਸਿੰਘ ਬਹਿਰਾਮ)-ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਆਪਣੇ ਮਿਹਨਤੀ ਵਰਕਰਾਂ ਦਾ ਸਨਮਾਨ ਕਰਦਾ ਆਇਆ ਹੈ ਤੇ ਭਵਿੱਖ 'ਚ ਕਰਦਾ ਰਹੇਗਾ | ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਲੰਧਰ ਸ਼ਹਿਰੀ ਜਤਿੰਦਰਜੀਤ ਸਿੰਘ ਲੁਬਾਣਾ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਵਰਕਰ ਹੀ ਪਾਰਟੀ ਦੀ ਤਾਕਤ ਹੁੰਦੇ ਹਨ ਉਨ੍ਹਾਂ ਦੀ ਤਾਕਤ ਸਦਕਾ ਹੀ 2027 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਜਾਵੇਗੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਅਤੇ ਪੰਜਾਬੀਅਤ ਹਿਤੈਸ਼ੀ ਪਾਰਟੀ ਹੈ ਜੋ ਹਰੇਕ ਵਰਗ ਦਾ ਸਤਿਕਾਰ ਕਰਦੀ ਹੈ ਤੇ ਕਰਦੀ ਰਹੇਗੀ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ | ਲੋਕਾਂ ਵਿਚ ਡਰ ਦਾ ਮਾਹੌਲ ਹੈ ਜੋ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ | ਉਨ੍ਹਾਂ ਆਪਣੀ ਗੱਲਬਾਤ ਜਾਰੀ ਰੱਖਦਿਆਂ ਕਿਹਾ ਕਿ ਜਿੰਨੀ ਲੁੱਟ-ਖਸੁੱਟ, ਰਿਸ਼ਵਤਖੋਰੀ, ਨਸ਼ਾ ਖੋਰੀ ਇਨ੍ਹਾ ਦੇ ਕਾਰਜ ਕਾਲ 'ਚ ਹੋਈ ਤੇ ਚੱਲ ਰਹੀ ਹੈ ਐਨੀ ਕਿਸੇ ਹੋਰ ਸਰਕਾਰ ਦੇ ਕਾਰਜ ਕਾਲ 'ਚ ਨਹੀਂ ਹੋਈ | ਹੁਣ ਲੋਕ ਚਾਹੁੰਦੇ ਹਨ ਕਿ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਵੇ ਤਾਂ ਹੀ ਪੰਜਾਬ ਤੇ ਪੰਜਾਬੀਅਤ ਦਾ ਭਲਾ ਹੋ ਸਕਦਾ ਹੈ | ਉਪਰੰਤ ਜ਼ਿਲ੍ਹਾ ਪ੍ਰਧਾਨ ਦਾ ਸਿਰੋਪਾਓ ਨਾਲ ਸਨਮਾਨ ਕੀਤਾ | ਇਸ ਮੌਕੇ ਵਿਜੇਪਾਲ ਸਿੰਘ ਤੇਜੀ, ਅਵਤਾਰ ਸਿੰਘ ਨਿਮਾਣਾ, ਗੁਰਪਵਿੱਤਰ ਸਿੰਘ ਫੋਲੜੀਵਾਲ ਆਦਿ ਹਾਜ਼ਰ ਸਨ |