ਬੰਗਾ, 26 ਮਈ (ਸੁਰਿੰਦਰ ਸਿੰਘ ਕਰਮ ਲਧਾਣਾ) - ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਜੂਨ ਮਹੀਨੇ ਵਿੱਚ ਝੋਨੇ ਦੀ ਲੁਆਈ ਲਈ ਕਿਸਾਨਾਂ ਨੂੰ ਅੱਠ ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਦੇਣ ਲਈ ਇਕ ਸਮਾਂ ਸਾਰਣੀ ਜਾਰੀ ਕਰ ਦਿੱਤੀ ਗਈ ਹੈ | ਵੇਖਣ ਵਿੱਚ ਆਇਆ ਹੈ ਕਣਕ ਦੀ ਕਟਾਈ ਤੋਂ ਬਾਅਦ ਕੁੱਝ ਕਿਸਾਨ ਕਣਕ ਦੇ ਨਾੜ ਨੂੰ ਅੱਗ ਲਗਾ ਦਿੰਦੇ ਹਨ | ਫਿਰ ਜ਼ਮੀਨ ਨੂੰ ਠੰਢਿਆਂ ਕਰਨ ਦੀ ਧਾਰਨਾ ਤਹਿਤ ਖੇਤਾਂ ਨੂੰ ਪਾਣੀ ਨਾਲ ਨੱਕੋ ਨੱਕ ਭਰ ਦਿੰਦੇ ਹਨ | ਜੋ ਕਿ ਸਰਾਸਰ ਕੁਦਰਤੀ ਸਰੋਤ ਪਾਣੀ ਦੀ ਬਰਬਾਦੀ ਹੈ | ਇਸ ਸੰਦਰਭ ਵਿੱਚ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਸੀਨੀਅਰ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ, ਪ੍ਰਧਾਨ ਪਰਮਜੀਤ ਸਿੰਘ ਸੂਰਾਪੁਰ, ਜਨਰਲ ਸਕੱਤਰ ਮਾ. ਤਰਲੋਚਨ ਸਿੰਘ ਪਠਲਾਵਾ, ਵਿੱਤ ਸਕੱਤਰ ਲੈਕ: ਤਰਸੇਮ ਪਠਲਾਵਾ, ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ.ਕੇ, ਅਮਰਜੀਤ ਸਿੰਘ ਸੂਰਾਪੁਰ, ਸੰਦੀਪ ਕੁਮਾਰ ਗੌੜ ਅਤੇ ਅਗਾਂਹਵਧੂ ਕਿਸਾਨ ਤੇ ਸੰਸਥਾ ਦੇ ਸਰਪ੍ਰਸਤ ਬਲਵੀਰ ਸਿੰਘ ਐਕਸ ਆਰਮੀ ਨੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਆਖਿਆ ਕਿ ਇਸ ਵਕਤ ਪੂਰੇ ਪੰਜਾਬ ਵਿੱਚ ਲਗਪਗ ਚੌਦਾਂ ਹਜ਼ਾਰ ਦੇ ਕਰੀਬ ਬਿਜਲੀ ਦੀਆਂ ਮੋਟਰਾਂ ਹਨ ਜੋ ਝੋਨੇ ਦੇ ਸੀਜ਼ਨ ਵਿਚ ਅੱਠ ਘੰਟੇ ਦਿਨ ਵਿਚ ਧਰਤੀ ਦੇ ਪੱਤਣ ਵਿਚੋਂ ਲਗਾਤਾਰ ਪਾਣੀ ਸੜਾਕਣਗੀਆਂ | ਜਦੋਂ ਕਿ ਜ਼ਮੀਨਦੋਜ਼ ਪਾਣੀਆਂ ਦੇ ਮਾਹਿਰ ਵਿਗਿਆਨੀਆਂ ਵਲੋਂ ਇਹ ਚੇਤਾਵਨੀ ਜਾਰੀ ਕੀਤੀ ਹੋਈ ਹੈ ਕਿ, ਜੇਕਰ ਗੈਰ ਵਿਗਿਆਨਕ ਅਤੇ ਗੈਰ ਕੁਦਰਤੀ ਤਰੀਕਿਆਂ ਨਾਲ ਕੀਤੀ ਜਾ ਰਹੀ ਖੇਤੀਬਾੜੀ ਲਈ ਵਰਤੇ ਜਾ ਰਹੇ ਪਾਣੀ ਦੀ ਬਰਬਾਦੀ ਨੂੰ ਠੱਲ ਨਾ ਪਾਈ ਤਾਂ ਆਉਣ ਵਾਲੇ ਪੰਦਰਾਂ ਤੋਂ ਵੀਹ ਸਾਲਾਂ ਵਿਚ ਪੰਜਾਬ ਵੱਡੇ ਪਾਣੀ ਸੰਕਟ ਵਿੱਚ ਘਿਰ ਜਾਵੇਗਾ | ਬੁਲਾਰਿਆਂ ਨੇ ਅੱਗੇ ਦੱਸਿਆ ਕਿ ਸਰਮਾਏਦਾਰੀ ਪ੍ਰਬੰਧ ਦਾ ਕੇਂਦਰੀ ਨੁਕਤਾ ਵੱਧ ਤੋਂ ਵੱਧ ਮੁਨਾਫਾ ਕਮਾਉਣ ਹੈ | ਇਸ ਹਵਸ ਦੀ ਪੂਰਤੀ ਲਈ ਮਨੁੱਖ ਕੁਦਰਤੀ ਸਰੋਤਾਂ ਨੂੰ ਅੰਨੇਵਾਹ ਬਰਬਾਦ ਕਰ ਰਿਹਾ ਹੈ | ਪੰਜਾਬ ਦਾ ਅਜੋਕਾ ਸ਼ਹਿਰੀਕਰਨ ਪ੍ਰਬੰਧਨ ਵੀ ਕੁਦਰਤੀ ਸਰੋਤਾਂ ਦੇ ਉਜਾੜੇ 'ਤੇ ਹੀ ਖੜਾ ਹੈ | ਇਸ ਵਕਤ ਪੰਜਾਬ ਦੇ ਬਹੁਤ ਸਾਰੇ ਬਲਾਕਾਂ ਨੂੰ ਡਾਰਕ ਜੋਨ ਘੋਸ਼ਿਤ ਕੀਤਾ ਜਾ ਚੁੱਕਿਆ ਹੈ ਪਰ ਫਿਰ ਵੀ ਅਸੀ ਮੂਕਦਰਸ਼ਕ ਬਣ ਕੇ ਮੁਨਾਫ਼ੇ ਦੀ ਆੜ ਵਿਚ ਆਉਣ ਵਾਲੀਆਂ ਪੀੜੀਆਂ ਦੇ ਪਾਣੀਆਂ ਵਰਗੇ ਵੱਡਮੁਲੇ ਅਧਿਕਾਰਾਂ ਤੇ ਡਾਕਾ ਮਾਰ ਰਹੇ ਹਾਂ | ਪਠਲਾਵਾ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ ਸਮੇਤ ਹੋਰ ਕਿਸਾਨੀ ਪੇਸ਼ੇ ਨਾਲ ਜੁੜੇ ਅਹੁਦੇਦਾਰਾਂ ਵਲੋਂ ਪਾਣੀਆਂ ਦੀ ਵਰਤਮਾਨ ਸਥਿਤੀ ਨੂੰ ਵੇਖਦਿਆਂ ਆਪਣੇ ਖੇਤਾਂ ਵਿਚ ਝੋਨੇ ਦੀ ਲੁਆਈ ਨਾ ਕਰਨ ਦਾ ਮਹੱਤਵਪੂਰਨ ਫੈਸਲਾ ਲਿਆ ਹੋਇਆ ਹੈ |