ਬੰਗਾ, 28 ਮਈ (ਧਰਮਵੀਰ ਪਾਲ)-ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਲੋਕ-ਵਿਰੋਧੀ ਤੇ ਮਹਿੰਗਾਈ ਵਧਾਊ ਨੀਤੀਆਂ ਖ਼ਿਲਾਫ਼ ਆਮ ਲੋਕਾਂ ਨੂੰ ਸੂਚੇਤ ਕਰਨ ਹਿੱਤ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਸ਼ੁਰੂ ਕੀਤੀ 'ਲੋਕਾਂ ਕੋਲ ਚਲੋ' ਮੁਹਿੰਮ ਤਹਿਤ ਪਿੰਡ ਨੂਰਪੁਰ (ਬੰਗਾ) ਵਿਖੇ ਸੁਰਜੀਤ ਨੂਰਪੁਰ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਜਗਤਪੁਰ ਨੇ ਸਰਕਾਰਾਂ ਦੀਆਂ ਆਪਣੇ ਕਾਰਪੋਰੇਟਰ ਸਹਿਯੋਗੀਆਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਉਣ ਖਾਤਰ, ਰਸੋਈ ਗੈਸ ਤੇ ਤੇਲ ਦੀਆਂ ਕੀਮਤਾਂ ਲਗਾਤਾਰ ਵਾਧੇ ਕਰਕੇ, ਆਮ ਲੋਕਾਂ ਦੇ ਛੋਟੇ-ਮੋਟੇ ਕਾਰੋਬਾਰ ਖਤਮ ਕਰਕੇ, ਕਚੂੰਬਰ ਹੀ ਕੱਢਿਆ ਜਾ ਰਿਹਾ ਹੈ, ਜਿਸ ਕਰਕੇ ਕਿਰਤੀ ਲੋਕਾਂ ਨੂੰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਖਿਲਾਫ, ਸ਼ੁਰੂ ਕੀਤੇ ਸੰਘਰਸ਼ਾਂ ਵਿਚ ਵੱਡੀ ਗਿਣਤੀ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ | ਇਸ ਮੌਜੂਦਾ ਸਮੇਂ ਦੇਸ਼ ਵਿਚ ਸਾਜ਼ਿਸ਼ ਤਹਿਤ, ਬੇਖੌਫ ਤੇ ਮਨਚਲੇ ਹਜੂਮ ਵਲੋਂ, ਫਿਰਕੂ ਤੇ ਜਾਤੀ-ਪਾਤੀ ਨਫ਼ਰਤ ਤਹਿਤ ਗਰੀਬ, ਮਜਬੂਰ ਅਤੇ ਬੇਵਸ ਲੋਕਾਂ 'ਤੇ, ਜਾਨਲੇਵਾ ਹਮਲੇ ਕੀਤੇ ਜਾ ਰਹੇ ਹਨ | ਇਨ੍ਹਾਂ ਹਮਲਿਆਂ ਤੇ ਵਧੀਕੀਆਂ ਲਈ ਆਪਸੀ ਇਕਮੁੱਠਤਾ ਹੀ ਕਾਰਗਰ ਹਥਿਆਰ ਹੈ | ਉਨ੍ਹਾਂ ਨੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ | ਮੀਟਿੰਗ 'ਚ ਅਸ਼ਵਨੀ, ਸੋਢੀ, ਅਜੀਤ, ਲਹਿਬਰ ਰਾਮ, ਮਿੰਦਰ ਰਾਮ, ਚੇਤ ਰਾਮ, ਨਿਰਮਲ ਸਿੰਘ, ਰਛਪਾਲ, ਸੁਰਿੰਦਰ ਪਾਲ, ਮਹਿੰਦਰ, ਬਲਵੀਰ ਰਾਮ ਆਦਿ ਸ਼ਾਮਿਲ ਸਨ | ਅੰਤ ਵਿਚ ਸੁਰਜੀਤ ਨੂਰਪੁਰ ਨੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕਰਦਿਆਂ, ਪਾਰਟੀ ਵਲੋਂ ਸ਼ੁਰੂ ਕੀਤੇ ਸੰਘਰਸ਼ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ |