ਸੜੋਆ, 29 ਮਈ (ਹਰਮੇਲ ਸਹੂੰਗੜਾ)-ਅੱਜ ਵੀ ਕੰਢੀ ਖੇਤਰ ਦੇ ਕਈ ਇਲਾਕੇ ਸਿੰਚਾਈ ਦੇ ਬੁਨਿਆਦੀ ਸਾਧਨਾਂ ਤੋਂ ਵਾਂਝੇ ਹਨ | ਪ੍ਰਸ਼ਾਸਨਿਕ ਬੇਰੁਖ਼ੀ ਤੇ ਸਿਆਸੀ ਖਿੱਚੋਤਾਣ ਦੀ ਜਿਉਂਦੀ-ਜਾਗਦੀ ਮਿਸਾਲ ਬਲਾਕ ਸੜੋਆ ਦੇ ਪਿੰਡ ਸੜੋਆ, ਸਹੂੰਗੜਾ, ਆਲੋਵਾਲ, ਐਮਾਂ, ਦਿਆਲਾਂ ਤੇ ਆਸ-ਪਾਸ ਦੇ ਇਲਾਕੇ ਹਨ, ਜਿਥੇ ਕਿਸਾਨ ਅੱਜ ਵੀ ਆਪਣੇ ਹੱਕ ਦੇ ਪਾਣੀ ਲਈ ਤਰਸ ਰਹੇ ਹਨ | ਪਾਈਪ ਲਾਈਨਾਂ ਦਾ ਸੋਕਾ ਤੇ ਸਰਕਾਰਾਂ ਦੀ ਬੇਰੁਖ਼ੀ ਸਥਾਨਕ ਕਿਸਾਨਾਂ ਮੁਤਾਬਕ ਪਿਛਲੇ ਸਾਲਾਂ ਦੌਰਾਨ ਸਰਕਾਰਾਂ ਵਲੋਂ ਸਿੰਚਾਈ ਪ੍ਰਾਜੈਕਟਾਂ ਦੀਆਂ ਵੱਡੀਆਂ-ਵੱਡੀਆਂ ਘੋਸ਼ਣਾਵਾਂ ਕੀਤੀਆਂ ਗਈਆਂ | ਅਕਾਲੀ ਸਰਕਾਰ ਵੇਲੇ ਲੱਖਾਂ-ਕਰੋੜਾਂ ਰੁਪਏ ਖਰਚ ਕਰਕੇ ਅੰਡਰਗਰਾਊਾਡ ਪਾਈਪ ਲਾਈਨਾਂ ਵਿਛਾਈਆਂ ਗਈਆਂ ਸਨ, ਪਰ ਬਾਅਦ ਵਿਚ ਕਾਂਗਰਸ ਸਰਕਾਰ ਦੇ ਸਮੇਂ ਇਨ੍ਹਾਂ ਦੀ ਸਹੀ ਦੇਖਭਾਲ ਨਹੀਂ ਹੋਈ | ਨਤੀਜੇ ਵਜੋਂ, ਇਹ ਨੈੱਟਵਰਕ ਖ਼ਰਾਬ ਹੋ ਗਿਆ, ਪਾਈਪਾਂ ਮਿੱਟੀ ਨਾਲ ਭਰ ਗਈਆਂ ਜਾਂ ਟੁੱਟ-ਫੁੱਟ ਗਈਆਂ | ਇਸ ਦਾ ਸਭ ਤੋਂ ਵੱਧ ਨੁਕਸਾਨ ਉਨ੍ਹਾਂ ਛੋਟੇ ਤੇ ਗਰੀਬ ਕਿਸਾਨਾਂ ਨੂੰ ਹੋਇਆ, ਜਿਨ੍ਹਾਂ ਦੀਆਂ ਜ਼ਮੀਨਾਂ ਨਹਿਰੀ ਪ੍ਰਣਾਲੀ ਦੇ ਆਖ਼ਰੀ ਹਿੱਸੇ (ਟੇਲਾਂ) 'ਤੇ ਸਥਿਤ ਹਨ | ਪੰਜਾਬ ਦੀ ਮੌਜੂਦਾ ਸਰਕਾਰ ਭਾਵੇਂ ਅਖਬਾਰਾਂ ਦੇ ਚੈਨਲ ਰਾਹੀਂ ਕੰਢੀ ਨਹਿਰ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਲਈ ਵੱਡੇ-ਵੱਡੇ ਦਾਅਵੇ ਕਰਦੀ ਥੱਕਦੀ ਨਹੀਂ ਪਰ ਕੰਢੀ ਦਾ ਇਲਾਕਾ ਨਹਿਰੀ ਪਾਣੀ ਨਾ ਮਿਲਣ ਕਰਕੇ ਕਿਸਾਨਾਂ ਦੀ ਖੇਤੀ ਬਰਬਾਦ ਹੋ ਚੁੱਕੀ ਹੈ | ਭਾਵੇਂ ਹੀ ਸਰਕਾਰ ਨੇ ਕੰਡੀ ਦੇ ਕੁੱਝ ਪਿੰਡਾਂ ਨੂੰ ਕਾਠਗੜ੍ਹ ਦੇ ਆਲੇ ਦੁਆਲੇ ਦੇ ਪਿੰਡਾਂ ਨੂੰ ਪਾਣੀ ਪਹੁੰਚਾਉਣ ਦੀਆਂ ਗੱਲਾਂ ਕਰ ਰਹੇ ਹਨ ਪਰ ਬਲਾਕ ਸੜੋਆ ਖੇਤਰ ਦੇ ਪਿੰਡਾਂ ਦੇ ਕਿਸਾਨ ਇਸ ਪਾਣੀ ਨੂੰ ਤਰਸ ਰਹੇ ਹਨ, ਕਿਸਾਨਾਂ ਦੇ ਖੇਤਾਂ ਵਿਚ ਪਾਈਪ ਲਾਇਨਾਂ ਵਿਛਾਈਆਂ ਗਈਆਂ ਹਨ ਅਤੇ ਨਾਲ ਹੀ ਪਾਣੀ ਵਾਲੇ ਹੌਂਦ ਬਣਾਏ ਗਏ ਹਨ ਜੋ ਕਿ ਟੁੱਟ ਚੁੱਕੇ ਹਨ ਪਾਈਪ ਵੀ ਟੁੱਟ ਹੋਏ ਕੰਡੀ ਕਨਾਲ ਦੇ ਅਧਿਕਾਰੀਆਂ ਨੇ ਇਨ੍ਹਾਂ ਪਾਈਪਾਂ ਨੂੰ ਦੁਬਾਰਾ ਜੋੜਨ ਦੀ ਕੋਸ਼ਿਸ਼ ਨਹੀਂ ਕੀਤੀ | ਮੌਜੂਦਾ ਸਰਕਾਰ ਦੇ ਦਾਅਵੇ ਬਨਾਮ ਜ਼ਮੀਨੀ ਹਕੀਕਤ ਮੌਜੂਦਾ ਸਮੇਂ ਵਿਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੰਢੀ ਕਨਾਲ ਨਹਿਰ ਨੂੰ ਮੁੜ ਚਾਲੂ ਕਰਨ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਕਈ ਪਿੰਡ ਦੇ ਅਸਰ ਸੂਕ ਵਾਲੇ ਲੀਡਰ ਇਸ ਕੰਢੀ ਕਨਾਲ ਨਹਿਰ ਦਾ ਫਾਇਦਾ ਵੀ ਲੈ ਰਹੇ ਹਨ, ਉੱਥੇ ਹੀ ਸੜੋਆ ਪਿੰਡ ਦੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸੜੋਆ ਵਿਚ ਸਿਰਫ਼ 2 ਜਾਂ 4 ਰਸੂਖ਼ਦਾਰ ਜ਼ਿਮੀਂਦਾਰਾਂ ਨੂੰ ਛੱਡ ਕੇ ਬਾਕੀ ਕਿਸੇ ਵੀ ਗਰੀਬ ਕਿਸਾਨ ਨੂੰ ਇਸ ਨਹਿਰੀ ਪਾਣੀ ਦਾ ਧੇਲਾ ਵੀ ਫਾਇਦਾ ਨਹੀਂ ਮਿਲ ਰਿਹਾ | ਸੜੋਆ ਦੇ ਨਾਲ ਲੱਗਦੇ ਪਿੰਡ ਸਹੂੰਗੜਾ, ਆਲੋਵਾਲ, ਐਮਾ ਅਤੇ ਦਿਆਲਾਂ ਦਾ ਵੀ ਇਹੀ ਹਾਲ ਹੈ, ਜਿਥੇ ਨਹਿਰ ਦਾ ਪਾਣੀ ਅਜੇ ਤੱਕ ਨਹੀਂ ਪੁੱਜਿਆ | ਕਿਸਾਨ ਚੌਧਰੀ ਸ਼ਾਮ ਲਾਲ ਸੰਮਤੀ ਮੈਂਬਰ ਸੜੋਆ, ਚੌਧਰੀ ਸੁਖਵਿੰਦਰ ਸਿੰਘ ਸੜੋਆ, ਹੁਕਮ ਚੰਦ, ਦੇਸ ਰਾਜ, ਰੋਸ਼ਨ ਲਾਲ, ਸਤਪਾਲ, ਅਮਰੀਕ ਸਿੰਘ, ਮਨਜੀਤ ਰਾਏ, ਰਾਮ ਜੀ ਦਾਸ, ਸੁਰਿੰਦਰ ਪਾਲ, ਦਰਸ਼ਨ ਲਾਲ, ਭੂਸ਼ਨ ਗੌਰਵ ਚੇਚੀ ਇਨ੍ਹਾਂ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਸਹੂੰਗੜਾ ਸਰੋਆ ਆਲੋਵਾਲ, ਐਮਾਂ, ਦਿਆਲਾ ਛਦੋੜੀ ਹਿਆਤਪੁਰ ਰੁੜਕੀ ਦੇ ਪਿੰਡਾਂ ਦੇ ਖੇਤਾਂ ਤੱਕ ਕੰਢੀ ਨਹਿਰ ਨੂੰ ਚਾਲੂ ਕਰਕੇ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਇਆ ਜਾਵੇ | ਇਸ ਸੰਬੰਧ 'ਚ ਸੰਬੰਧਿਤ ਜੇ. ਈ. ਨੇ ਦੱਸਿਆ ਕਿ ਵਿਭਾਗ ਵਲੋਂ ਜਿਨ੍ਹਾਂ ਜ਼ਿਮੀਦਾਰਾਂ ਦੇ ਖੇਤਾਂ ਵਿਚ ਪਾਈਪਾਂ ਟੁੱਟੀਆਂ ਹਨ ਉਨ੍ਹਾਂ ਨੂੰ ਜਲਦੀ ਹੀ ਰਿਪੇਅਰ ਕੀਤਾ ਜਾ ਰਿਹਾ ਹੈ ਅਤੇ ਬਾਅਦ ਵਿਚ ਪਾਣੀ ਦੀ ਵਾਰੀ ਮੁਤਾਬਿਕ ਪਾਣੀ ਛੱਡ ਦਿੱਤਾ ਜਾਵੇਗਾ |