11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਸਰਕਾਰੀ ਕਾਗ਼ਜ਼ਾਂ ਵਿਚ ਮਨਜ਼ੂਰ ਬੱਸ ਅੱਡਾ ਬਣਿਆ ਵਿਰਾਨ ਪੀ. ਜੀ. ਆਈ. ਜਾਣ ਵਾਲੇ ਮਰੀਜ਼ ਵੀ ਹੋ ਰਹੇ ਨੇ ਖ਼ੱਜਲ਼-ਖ਼ੁਆਰ

Ad Position 21
No active advertisement
ਅਜੀਤ ਡੈਸਕ 02-06-2026
ਜਾਡਲਾ, 1 ਜੂਨ (ਹਰਕੰਵਲ ਸਿੰਘ ਕੌਲਗੜ੍ਹ)-ਸਰਕਾਰੀ ਕਾਗ਼ਜ਼ਾਂ ਵਿਚ ਮਨਜ਼ੂਰ ਜਾਡਲਾ ਬੱਸ ਅੱਡਾ ਅੱਜ ਵੀਰਾਨੀ ਦਾ ਮੂੰਹ ਤੱਕ ਰਿਹਾ ਹੈ | ਇਹ ਵਿਚਾਰ ਕਾਮਰੇਡ ਰਣਜੀਤ ਸਿੰਘ ਰਾਣਾ ਆਲ ਇੰਡੀਆ ਕਿਸਾਨ ਸਭਾ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਨੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ | ਕਾਮਰੇਡ ਰਾਣਾ ਨੇ ਦੱਸਿਆ ਕਿ ਪਹਿਲਾਂ ਚੰਡੀਗੜ੍ਹ-ਦਿੱਲੀ ਜਾਣ ਵਾਲੀ ਹਰ ਸਰਕਾਰੀ ਬੱਸ ਇਥੇ ਰੁਕਦੀ ਸੀ | ਜਾਡਲੇ ਵਾਲੀ ਸਾਈਡ ਜਿਥੇ ਅੱਜ ਕੱਲ੍ਹ ਠੇਕੇ ਦਾ ਬੋਰਡ ਲੱਗਿਆ ਹੋਇਆ ਹੈ, ਉਥੇ ਪੱਕਾ ਬੱਸ ਸ਼ੈੱਡ ਬਣਿਆ ਹੋਇਆ ਸੀ | ਸੜਕ ਚੌੜੀ ਕਰਨ ਦੌਰਾਨ ਉਸ ਸ਼ੈੱਡ ਨੂੰ ਢਾਹ ਦਿੱਤਾ ਗਿਆ, ਪਰ ਬਾਅਦ ਵਿਚ ਲੋਕਾਂ ਦੀ ਸਹੂਲਤ ਲਈ ਕੋਈ ਵੱਖਰਾ ਸ਼ੈੱਡ ਨਹੀਂ ਬਣਾਇਆ ਗਿਆ | ਜਿਹੜਾ ਬੱਸ ਅੱਡਾ ਸੜਕ 'ਤੇ ਬਣਾਇਆ ਗਿਆ ਹੈ ਉਹ ਅੱਗੇ ਅੱਡੇ ਤੋਂ ਕਾਫ਼ੀ ਦੂਰ ਨਵਾਂਸ਼ਹਿਰ ਵਾਲੇ ਪਾਸੇ ਬਣਿਆ ਹੈ, ਜਿਥੇ ਕਦੇ ਵੀ ਬੱਸ ਨਹੀਂ ਰੁਕਦੀ | ਨਤੀਜੇ ਵਜੋਂ 1970 ਤੋਂ ਸਰਕਾਰੀ ਰਿਕਾਰਡ ਵਿਚ ਦਰਜ ਇਹ ਅੱਡਾ ਅੱਜ ਬੇਕਾਰ ਪਿਆ ਹੈ | ਪਿੰਡ ਦੇ ਨੌਜਵਾਨਾਂ ਤੇ ਐਨ. ਆਰ. ਆਈ. ਵੀਰਾਂ ਨੇ ਆਪਣੇ ਪੱਧਰ 'ਤੇ ਉੱਦਮ ਕਰਕੇ ਇਕ ਸ਼ੈੱਡ ਪਾ ਦਿੱਤਾ ਹੈ | ਫਲੈਕਸਾਂ ਲਗਾ ਕੇ ਉਸ ਅੱਡੇ ਨੂੰ ਬਬਰ ਕਰਮ ਸਿੰਘ ਐਡੀਟਰ ਦੌਲਤਪੁਰ ਦਾ ਰੂਪ ਦਿੱਤਾ ਹੈ ਪਰ ਬੱਸ ਡਰਾਈਵਰਾਂ ਨੂੰ ਇੰਸਪੈਕਟਰਾਂ ਵਲੋਂ ਰੁਕਣ ਦੇ ਹੁਕਮ ਨਾ ਹੋਣ ਕਾਰਨ ਬੱਸਾਂ ਇਥੇ ਵੀ ਨਹੀਂ ਰੁਕਦੀਆਂ | ਕਾਮਰੇਡ ਰਾਣਾ ਨੇ ਗੰਭੀਰ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸਵੇਰ ਸਮੇਂ ਪੀ. ਜੀ. ਆਈ. ਚੰਡੀਗੜ੍ਹ ਜਾਣ ਵਾਲੇ ਰੋਜ਼ਾਨਾ 5-7 ਮਰੀਜ਼ ਇਥੇ ਖੜੇ੍ਹ ਹੁੰਦੇ ਹਨ | ਬਿਮਾਰੀ ਦੀ ਹਾਲਤ ਵਿਚ ਬਜ਼ੁਰਗ, ਔਰਤਾਂ ਤੇ ਬੱਚੇ ਖ਼ੱਜਲ-ਖ਼ੁਆਰ ਹੋ ਕੇ ਹੀ ਚੰਡੀਗੜ੍ਹ ਪੁੱਜਦੇ ਹਨ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਰਕਾਰੀ ਕਾਗ਼ਜ਼ਾਂ ਵਿਚ ਮਨਜ਼ੂਰ ਇਸ ਅੱਡੇ ਨੂੰ ਬਹਾਲ ਕੀਤਾ ਜਾਵੇ | ਦੋਨੋਂ ਸਾਈਡ ਸ਼ੈੱਡ ਬਣਾ ਕੇ ਮੁਸਾਫ਼ਰਾਂ ਵਾਸਤੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਅਤੇ ਟਰਾਂਸਪੋਰਟ ਵਿਭਾਗ ਦੇ ਇੰਸਪੈਕਟਰ ਤਾਇਨਾਤ ਕਰਕੇ ਸਾਰੀਆਂ ਸਰਕਾਰੀ ਬੱਸਾਂ ਨੂੰ ਇੱਥੇ ਰੋਕਣ ਦੇ ਹੁਕਮ ਦਿੱਤੇ ਜਾਣ ਨਹੀਂ ਤਾਂ ਕਿਸਾਨ ਸਭਾ ਵਲੋਂ ਵੱਡੇ ਪੱਧਰ 'ਤੇ ਸੰਘਰਸ਼ ਛੇੜਿਆ ਜਾਵੇਗਾ | ਇਸ ਮੌਕੇ ਖੁਸ਼ਵਿੰਦਰ ਸਿੰਘ ਦੌਲਤਪੁਰ, ਤਰਸੇਮ ਸਿੰਘ ਦੌਲਤਪੁਰ, ਸਤਨਾਮ ਸਿੰਘ ਉਟਾਲਾ, ਮਹਿੰਦਰ ਪਾਲ ਸਿੰਘ ਸਾਬਕਾ ਪੰਚ ਜਾਡਲੀ, ਗੁਰਪ੍ਰੀਤ ਸਿੰਘ ਪੰਚ ਦੌਲਤਪੁਰ, ਕਾਮਰੇਡ ਸੰਤੋਖ ਸਿੰਘ ਦੌਲਤਪੁਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੁਖਜਿੰਦਰ ਮੈਮੋਰੀਅਲ ਪਬਲਿਕ ਸਕੂਲ ਬੱਬਰੀ ਵਿਖੇ 'ਫਨ ਡੇ' ਮਨਾਇਆ ਅਗਲੀ ਖ਼ਬਰ ਸਵਾਮੀ ਰੂਪ ਚੰਦ ਜੈਨ ਮਾਡਲ ਸਕੂਲ ਬੰਗਾ ਦੇ ਵਿਦਿਆਰਥੀ 'ਸਿਤਾਰੇ ਜ਼ਮੀਨ 'ਤੇ' ਪ੍ਰੋਗਰਾਮ ਅਧੀਨ ਸਨਮਾਨਿਤ
Ad Position 24