ਨਵਾਂਸ਼ਹਿਰ, 1 ਜੂਨ (ਦੀਦਾਰ ਸਿੰਘ ਸ਼ੇਤਰਾ)-ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮਤਿ ਪ੍ਰਚਾਰ ਕੇਂਦਰ ਗੁਜ਼ਰਪੁਰ ਕਲਾਂ ਵਲੋਂ ਮਈ ਮਹੀਨੇ ਦੌਰਾਨ ਨਵਾਂਸ਼ਹਿਰ, ਬੰਗਾ ਤੇ ਰਾਹੋਂ ਖੇਤਰ ਦੇ ਲਗਪਗ 15 ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਵਿਚ ਗੁਰਮਤਿ ਕੈਂਪ ਲਗਾਏ ਗਏ | ਇਨ੍ਹਾਂ ਕੈਂਪਾਂ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ, ਸਿੱਖ ਇਤਿਹਾਸ, ਸਿੱਖ ਰਹਿਤ-ਮਰਿਆਦਾ, ਸਭਿਆਚਾਰ ਤੇ ਉੱਚੇ-ਸੁੱਚੇ ਜੀਵਨ ਮੁੱਲਾਂ ਨਾਲ ਜੋੜਨਾ ਸੀ | ਇਨ੍ਹਾਂ ਕੈਂਪਾਂ ਦੌਰਾਨ ਵਿਦਿਆਰਥੀਆਂ ਨੂੰ ਗੁਰੂ ਸਾਹਿਬਾਨ ਦੇ ਜੀਵਨ ਅਤੇ ਸਿੱਖਿਆਵਾਂ, ਗੁਰਬਾਣੀ ਪਾਠ, ਸਿੱਖ ਇਤਿਹਾਸ, ਸਿੱਖੀ ਦੇ ਬੁਨਿਆਦੀ ਸਿਧਾਂਤ, ਨਸ਼ਿਆਂ ਤੋਂ ਬਚਾਅ, ਚੰਗੇ ਚਰਿੱਤਰ ਦੀ ਉਸਾਰੀ, ਮਾਪਿਆਂ ਅਤੇ ਅਧਿਆਪਕਾਂ ਦੇ ਸਤਿਕਾਰ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀਆਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ | ਇਨ੍ਹਾਂ ਕੈਂਪਾਂ ਵਿਚ ਪ੍ਰਚਾਰ ਦੀ ਸੇਵਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੀ ਪ੍ਰਚਾਰਕ ਟੀਮ ਦੀ ਅਗਵਾਈ ਭਾਈ ਸਿਮਰਪ੍ਰੀਤ ਸਿੰਘ ਜੈਤੋਂ ਵਲੋਂ ਨਿਭਾਈ ਗਈ | ਇਸ ਵਿਸ਼ਾਲ ਉਪਰਾਲੇ ਨੂੰ ਸਫਲ ਬਣਾਉਣ ਲਈ ਭਾਈ ਜਰਨੈਲ ਸਿੰਘ ਨਵਾਂਸ਼ਹਿਰ, ਭਾਈ ਗੁਰਮੀਤ ਸਿੰਘ ਗੁਜ਼ਰਪੁਰ, ਭਾਈ ਗੁਰਨੇਕ ਸਿੰਘ ਚੂਹੜਪੁਰ, ਭਾਈ ਹਰਮੀਤ ਸਿੰਘ ਗੁਜ਼ਰਪੁਰ, ਭਾਈ ਜੋਗਾ ਸਿੰਘ ਐਸ. ਡੀ. ਓ., ਭਾਈ ਬਹਾਦਰ ਸਿੰਘ ਤੇ ਭਾਈ ਮਹਿੰਦਰ ਸਿੰਘ ਨੇ ਅਹਿਮ ਭੂਮਿਕਾ ਅਦਾ ਕੀਤੀ | ਸਕੂਲਾਂ ਵਿਚ ਗੁਰਮਤਿ ਪ੍ਰੀਖਿਆਵਾਂ ਵੀ ਕਰਵਾਈਆਂ ਗਈਆਂ | ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਪ੍ਰਬੰਧਕਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਵੀ ਵੱਖ-ਵੱਖ ਸਕੂਲਾਂ ਤੇ ਵਿੱਦਿਅਕ ਸੰਸਥਾਵਾਂ ਵਿਚ ਗੁਰਮਤਿ ਕੈਂਪ, ਸੈਮੀਨਾਰ ਤੇ ਧਾਰਮਿਕ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ |