ਬਲਾਚੌਰ, 1 ਜੂਨ (ਨਰੇਸ਼ ਧੌਲ)-ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਪੰਜਾਬ ਤੇ ਪੰਜਾਬੀਆਂ ਦੀ ਹਿਤੈਸ਼ੀ ਪਾਰਟੀ ਹੈ, ਜਿਸ ਵਲੋਂ ਹਰ ਸਮੇਂ ਦੌਰਾਨ ਪੰਜਾਬ ਵਾਸੀਆਂ ਦੀ ਬਾਂਹ ਫੜਨ ਵਿਚ ਪਹਿਲਕਦਮੀ ਕੀਤੀ ਜਾਂਦੀ ਰਹੀ ਹੈ | ਇਹ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਜਥੇਦਾਰ ਅਮਰੀਕ ਸਿੰਘ ਸਾਬਕਾ ਸਰਪੰਚ ਪਿੰਡ ਖੰਡੂਪੁਰ ਨੇ ਗੱਲਬਾਤ ਕਰਦਿਆਂ ਹੋਇਆਂ ਕੀਤਾ | ਉਨ੍ਹਾਂ ਕਿਹਾ ਕਿ ਜਦੋਂ-ਜਦੋਂ ਵੀ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਨੇ ਰਾਜ ਕੀਤਾ ਹੈ ਉਦੋਂ-ਉਦੋਂ ਹੀ ਪੰਜਾਬ ਦਾ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਵੱਡੇ ਪੱਧਰ 'ਤੇ ਵਿਕਾਸ ਹੋਇਆ ਹੈ | ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਵ. ਪ੍ਰਕਾਸ਼ ਸਿੰਘ ਬਾਦਲ ਦੇ ਪੂਰਨਿਆਂ 'ਤੇ ਚੱਲਦਿਆਂ ਹੋਇਆਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਇਕ ਅਜਿਹੇ ਆਗੂ ਹਨ ਜੋ ਜ਼ਮੀਨੀ ਪੱਧਰ 'ਤੇ ਲੋਕਾਂ ਵਿਚ ਵਿਚਰ ਕੇ ਪੰਜਾਬ ਵਾਸੀਆਂ ਦੇ ਦੁੱਖ ਦਰਦ ਨੂੰ ਆਪਣਾ ਸਮਝਦੇ ਹਨ ਅਤੇ ਸਰਕਾਰ ਨਾ ਹੁੰਦਿਆਂ ਹੋਇਆਂ ਵੀ ਆਮ ਜਨਤਾ ਦਾ ਸਹਾਰਾ ਬਣਦੇ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਨੂੰ ਸੰਕਲਪ ਕਰਕੇ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਨੂੰ ਸੱਤਾ ਵਿਚ ਲਿਆਉਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੀ ਨੁਹਾਰ ਬਦਲੀ ਜਾ ਸਕੇ |