ਬਲਾਚੌਰ, 2 ਜੂਨ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਪੁਲਿਸ ਵਲੋਂ ਨਸ਼ਿਆਂ ਦੇ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਬਲਾਚੌਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਨਾਕਾਬੰਦੀ ਦੌਰਾਨ ਇਕ ਨੌਜਵਾਨ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕੀਤਾ | ਜਾਣਕਾਰੀ ਅਨੁਸਾਰ ਸਬ-ਇੰਸਪੈਕਟਰ ਬਿਕਰਮ ਸਿੰਘ ਮੁੱਖ ਅਫ਼ਸਰ ਥਾਣਾ ਬਲਾਚੌਰ ਦੀ ਅਗਵਾਈ ਵਿਚ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਮਹਿਤਪੁਰ ਨੇੜੇ ਪਾਂਧੀ ਦੇ ਭੱਠੇ ਕੋਲ ਮੌਜੂਦ ਸੀ | ਇਸੇ ਦੌਰਾਨ ਸੜਕ ਦੇ ਸੱਜੇ ਪਾਸੇ ਖਤਾਨਾਂ ਵਿਚ ਇਕ ਮੋਨਾ ਵਿਅਕਤੀ ਸ਼ੱਕੀ ਹਾਲਤ ਵਿਚ ਖੜ੍ਹਾ ਦਿਖਾਈ ਦਿੱਤਾ | ਪੁਲਿਸ ਪਾਰਟੀ ਨੇ ਮੁਸਤੈਦੀ ਦਿਖਾਉਂਦੇ ਹੋਏ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਲਿਆ | ਫੜੇ ਗਏ ਵਿਅਕਤੀ ਨੇ ਪੁੱਛਗਿੱਛ ਦੌਰਾਨ ਆਪਣਾ ਨਾਂਅ ਰੋਹਿਤ ਕੁਮਾਰ ਵਾਸੀ ਉਧਨਵਾਲ ਥਾਣਾ ਬਲਾਚੌਰ ਦੱਸਿਆ | ਪੁਲਿਸ ਵਲੋਂ ਤਲਾਸ਼ੀ ਲੈਣ 'ਤੇ ਕਥਿਤ ਦੋਸ਼ੀ ਕੋਲੋਂ ਇਕ ਕਾਲੇ ਰੰਗ ਦੇ ਪਲਾਸਟਿਕ ਲਿਫ਼ਾਫ਼ੇ ਵਿਚੋਂ ਨਸ਼ੀਲੀਆਂ ਗੋਲੀਆਂ ਦੇ 2 ਪੱਤਿਆਂ 'ਚੋਂ (20 ਗੋਲੀਆਂ) ਆਪੱਤੀਜਨਕ ਬਰਾਮਦ ਹੋਈਆਂ | ਪੁਲਿਸ ਨੇ ਦੋਸ਼ੀ ਖ਼ਿਲਾਫ਼ ਕਾਰਵਾਈ ਕਰਦੇ ਹੋਏ ਥਾਣਾ ਬਲਾਚੌਰ ਵਿਖੇ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਵਲੋਂ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਨ ਉਪਰੰਤ ਕੇਂਦਰੀ ਜੇਲ੍ਹ ਲੁਧਿਆਣਾ ਵਿਖੇ ਭੇਜ ਦਿੱਤਾ ਗਿਆ ਹੈ |