ਬਲਾਚੌਰ, 2 ਜੂਨ (ਦੀਦਾਰ ਸਿੰਘ ਬਲਾਚੌਰੀਆ)-ਹੱਕੀ ਮੰਗਾਂ ਨੂੰ ਲੈ ਕੇ ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ 'ਤੇ ਮਗਨਰੇਗਾ ਕਰਮਚਾਰੀਆਂ ਵਲੋਂ ਪਹਿਲੀ ਜੂਨ ਨੂੰ ਆਰੰਭ ਕੀਤੀ ਹੜਤਾਲ ਦੂਜੇ ਦਿਨ ਵੀ ਜਾਰੀ ਰਹੀ | ਬੀ. ਡੀ. ਪੀ. ਓ. ਦਫ਼ਤਰ ਕੰਪਲੈਕਸ ਬਲਾਚੌਰ ਵਿਖੇ ਪ੍ਰਧਾਨ ਬਲਵੀਰ ਸਿੰਘ ਦੀ ਅਗਵਾਈ ਹੇਠ ਧਰਨੇ 'ਤੇ ਬੈਠੇ ਮਗਨਰੇਗਾ ਕਰਮਚਾਰੀਆਂ ਨੇ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਅੱਖੋਂ-ਪਰੋਖੇ ਕੀਤੇ ਜਾਣ 'ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਪ੍ਰਧਾਨ ਬਲਵੀਰ ਸਿੰਘ, ਬਹਾਦਰ ਸਿੰਘ ਤੇ ਹਰਦੀਪ ਗਹੂੰਣ ਨੇ ਦੱਸਿਆ ਕਿ ਪਿਛਲੇ ਪੰਜ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਘਰ ਦਾ ਵਿੱਤੀ ਢਾਂਚਾ ਡਗਮਗਾਉਣ ਲੱਗ ਗਿਆ ਹੈ | ਉਨ੍ਹਾਂ ਦੱਸਿਆ ਕਿ ਜੱਦੋ ਤੱਕ ਸਰਕਾਰ ਉਨ੍ਹਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਨਹੀਂ ਕਰਦੀ ਤੇ ਬਿਨਾਂ ਹੋਰ ਦੇਰੀ ਤਨਖ਼ਾਹ ਜਾਰੀ ਨਹੀਂ ਕਰਦੀ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਜਾਵੇਗਾ | ਇਸ ਮੌਕੇ ਮਨਜੀਤ ਸਿੰਘ, ਬਲਬੀਰ ਸਿੰਘ, ਗੁਰਵਿੰਦਰ ਵਿਜੈ ਕੁਮਾਰ, ਮਨੋਜ ਕੁਮਾਰ, ਮਨਜੋਤ ਸਿੰਘ, ਨਰੇਸ਼ ਰਾਣੀ, ਰਿੰਕਲ, ਮਨਦੀਪ ਕੌਰ ਅਤੇ ਅਭਿਸ਼ੇਕ ਬਾਲੀ ਆਦਿ ਹਾਜ਼ਰ ਸਨ |