ਹੁਸ਼ਿਆਰਪੁਰ, 7 ਜੂਨ (ਬਲਜਿੰਦਰਪਾਲ ਸਿੰਘ)-ਗੁਰਦੁਆਰਾ ਦੁੱਖ ਨਿਵਾਰਨ ਸ੍ਰੀ ਗੁਰੂ ਨਾਨਕ ਚਰਨਸਰ ਭੀਖੋਵਾਲ ਵਿਖੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭਾਈ ਅਵਤਾਰ ਸਿੰਘ ਤੇ ਐਡਵੋਕੇਟ ਭਾਈ ਹਰਗੋਪਾਲ ਸਿੰਘ ਦੀ ਅਗਵਾਈ ਹੇਠ ਕਰਵਾਇਆ | ਸਮਾਗਮ ਦੌਰਾਨ ਭਾਈ ਬਲਵੰਤ ਸਿੰਘ ਹਜ਼ੂਰੀ ਰਾਗੀ ਨੇ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਮਨੁੱਖਤਾ ਦੀ ਭਲਾਈ, ਧਰਮ ਦੀ ਰੱਖਿਆ ਤੇ ਪ੍ਰਭੂ ਦੀ ਰਜ਼ਾ ਵਿਚ ਰਹਿਣ ਦਾ ਅਦੁੱਤੀ ਸੰਦੇਸ਼ ਦਿੱਤਾ | ਇਸ ਮੌਕੇ ਭਾਈ ਬਲਵੰਤ ਸਿੰਘ ਹਜ਼ੂਰੀ ਰਾਗੀ, ਭਾਈ ਜਸਵੰਤ ਸਿੰਘ ਤੇ ਹੋਰ ਰਾਗੀ ਜਥਿਆਂ ਨੇ ਗੁਰ ਇਤਿਹਾਸ ਤੇ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ | ਇਸ ਮੌਕੇ ਭਾਈ ਅਵਤਾਰ ਸਿੰਘ ਤੇ ਐਡਵੋਕੇਟ ਭਾਈ ਹਰਗੋਪਾਲ ਸਿੰਘ ਨੇ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਜਸਵੰਤ ਸਿੰਘ, ਸੰਨੀ, ਡਾ. ਗੁਰਪ੍ਰਤਾਪ ਸਿੰਘ, ਭਾਈ ਅਮਰਜੀਤ ਸਿੰਘ ਮੈਨੇਜਰ, ਬੀਬੀ ਹਰਮੀਤ ਕੌਰ, ਬੀਬੀ ਹਰਿੰਦਰਜੀਤ ਕੌਰ, ਅਮਨਦੀਪ ਸਿੰਘ ਸੰਨੀ ਸਮੇਤ ਵੱਡੀ ਗਿਣਤੀ ਸੰਗਤਾਂ ਸ਼ਾਮਿਲ ਸਨ |