ਹੁਸ਼ਿਆਰਪੁਰ, 7 ਜੂਨ (ਬਲਜਿੰਦਰਪਾਲ ਸਿੰਘ)-ਪਟਿਆਲਾ ਵਿਖੇ ਪਾਵਰਕਾਮ ਦੇ ਦਫ਼ਤਰ ਦੇ ਬਾਹਰ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰ ਰਹੇ ਕੱਚੇ ਮੁਲਾਜ਼ਮਾਂ 'ਤੇ ਹੋਏ ਬੇਰਹਿਮ ਲਾਠੀਚਾਰਜ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਹੁਸ਼ਿਆਰਪੁਰ ਤੋਂ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ ਨੇ ਸਰਕਾਰ ਦੀ ਕਾਰਗੁਜ਼ਾਰੀ ਅਤੇ ਜ਼ਿੰਮੇਵਾਰ ਆਗੂਆਂ ਦੀ ਚੁੱਪੀ 'ਤੇ ਸਖ਼ਤ ਸਵਾਲ ਖੜ੍ਹੇ ਕਰਦਿਆਂ ਇਸ ਘਟਨਾ ਨੂੰ ਲੋਕਤੰਤਰ ਦਾ ਕਾਲਾ ਦਿਨ ਕਰਾਰ ਦਿੱਤਾ ਹੈ | ਉਨ੍ਹਾਂ ਪੀੜਤ ਮੁਲਾਜ਼ਮਾਂ ਦਾ ਪੱਖ ਪੂਰਦਿਆਂ ਸਪੱਸ਼ਟ ਕੀਤਾ ਹੈ ਕਿ ਸ਼ਾਂਤਮਈ ਪ੍ਰਦਰਸ਼ਨ ਕਰਨਾ ਹਰ ਨਾਗਰਿਕ ਦਾ ਸੰਵਿਧਾਨਕ ਅਧਿਕਾਰ ਹੈ ਅਤੇ ਇਸ ਤਰ੍ਹਾਂ ਲਾਠੀਆਂ ਵਰ੍ਹਾਉਣਾ ਕਾਨੂੰਨ ਦੀ ਸਿੱਧੀ ਉਲੰਘਣਾ ਹੈ | ਉਨ੍ਹਾਂ ਪੀੜਤ ਨੌਜਵਾਨਾਂ ਨੂੰ ਕਾਨੂੰਨੀ ਰਾਹ ਸੁਝਾਉਂਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੁਲਿਸ ਐਕਟ ਤੇ ਹਿਊਮਨ ਰਾਈਟਸ ਪ੍ਰੋਟੈਕਸ਼ਨ ਐਕਟ ਦੀ ਵਰਤੋਂ ਕਰਕੇ ਦੋਸ਼ੀ ਅਫ਼ਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਵਾਈ ਜਾਵੇ ਅਤੇ ਲੋੜ ਪੈਣ 'ਤੇ ਹਾਈ ਕੋਰਟ 'ਚ ਰਿੱਟ ਪਟੀਸ਼ਨ ਦਾਇਰ ਕਰਕੇ ਸਰਕਾਰ 'ਤੇ ਇਨਸਾਫ਼ ਲਈ ਕਾਨੂੰਨੀ ਦਬਾਅ ਬਣਾਇਆ ਜਾਵੇ | ਐਡਵੋਕੇਟ ਭਾਰਦਵਾਜ ਨੇ ਹਿਊਮਨ ਰਾਈਟਸ ਕਮਿਸ਼ਨ ਦੇ ਸੂਬਾ ਪ੍ਰਧਾਨ ਬਸਪਾ ਜਸਬੀਰ ਸਿੰਘ ਗੜ੍ਹੀ ਦੀ ਭੂਮਿਕਾ 'ਤੇ ਵੀ ਸਿੱਧੇ ਤੇ ਤਿੱਖੇ ਸਵਾਲ ਕਰਦਿਆਂ ਕਿਹਾ ਕਿ ਆਖ਼ਰ ਉਹ ਇਸ ਘਟਨਾ 'ਤੇ ਚੁੱਪ ਕਿਉਂ ਹਨ, ਜਦਕਿ ਇਨ੍ਹਾਂ ਲਾਠੀਆਂ ਦਾ ਸ਼ਿਕਾਰ ਹੋਣ ਵਾਲਿਆਂ ਵਿਚ ਦਲਿਤ ਸਮਾਜ ਦੇ ਉਹ ਬੱਚੇ ਵੀ ਸ਼ਾਮਿਲ ਸਨ ਜੋ ਆਪਣੀ ਰੋਜ਼ੀ-ਰੋਟੀ ਲਈ ਸੰਘਰਸ਼ ਕਰ ਰਹੇ ਸਨ |