ਹੁਸ਼ਿਆਰਪੁਰ, 11 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਸਥਾਨਕ ਸੈਂਚੁਰੀ ਪਲਾਈਬੋਰਡਸ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ ਕੰਪਨੀ ਦੇ ਸਮੂਹ ਮੁਲਾਜ਼ਮਾਂ ਵਲੋਂ 111 ਯੂਨਿਟ ਖ਼ੂਨ ਦਾਨ ਕੀਤਾ ਗਿਆ | ਕੈਂਪ ਦਾ ਰਸਮੀ ਉਦਘਾਟਨ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਆਸ਼ਿਕਾ ਜੈਨ ਨੇ ਕੀਤਾ | ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਖ਼ੂਨਦਾਨੀਆਂ ਦੇ ਹੌਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖ਼ੂਨਦਾਨ ਇੱਕ ਅਜਿਹਾ ਮਹਾਨ ਦਾਨ ਹੈ, ਜੋ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿਚ ਕੀਮਤੀ ਜਾਨਾਂ ਬਚਾਉਣ ਵਿਚ ਸਭ ਤੋਂ ਵੱਡਾ ਯੋਗਦਾਨ ਪਾਉਂਦਾ ਹੈ | ਉਨ੍ਹਾਂ ਨੇ ਸੈਂਚੁਰੀ ਪਲਾਈਬੋਰਡਸ ਦੀ ਪੂਰੀ ਲੀਡਰਸ਼ਿਪ, ਸਟਾਫ਼ ਅਤੇ ਪ੍ਰਬੰਧਕਾਂ ਦਾ ਇਸ ਪਹਿਲਕਦਮੀ ਲਈ ਦਿਲੋਂ ਧੰਨਵਾਦ ਕੀਤਾ | ਜ਼ਿਕਰਯੋਗ ਹੈ ਕਿ ਕੈਂਪ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਵਿਚ ਪਲਾਂਟ ਹੈੱਡ ਅਨੂਪ ਸ਼ਰਮਾ, ਐਡਮਿਨ ਹੈੱਡ ਭੁਪਿੰਦਰ ਸਿੰਘ ਜਸਵਾਲ, ਹੈੱਡ ਮੈਨੂਫੈਕਚਰਿੰਗ ਅਤੇ ਆਰ.ਐਂਡ.ਡੀ ਸੁਨੀਲ ਸ਼ੇਖਾਵਤ , ਅਪੂਰਵਾ ਸੁਦਾਨੀ (ਜੀ.ਐਮ ਹੈੱਡ ਕਮਰਸ਼ੀਅਲ), ਉਪਿੰਦਰਾ ਤਿ੍ਪਾਠੀ ਤਕਨੀਕੀ ਹੈੱਡ, ਮੈਨੇਜਰ ਐੱਚ.ਆਰ ਰੋਹਿਤ ਸ਼ਰਮਾ, ਡਾ. ਸ਼ਿਵਮ ਅੰਗਰੀਸ਼, ਸਿਵਲ ਹਸਪਤਾਲ ਦੀ ਮੈਡੀਕਲ ਟੀਮ, ਰੈੱਡ ਕਰਾਸ ਦੇ ਸਮੁੱਚੇ ਸਟਾਫ਼ ਅਤੇ ਅਸਿਸਟੈਂਟ ਮੈਨੇਜਰ ਜੀ.ਆਰ ਅਮਿੱਤ ਚੌਹਾਨ ਸਮੇਤ ਸਮੁੱਚੀ ਟੀਮ ਦਾ ਬੇਹੱਦ ਸਹਿਯੋਗ ਰਿਹਾ | ਡਿਪਟੀ ਕਮਿਸ਼ਨਰ ਨੇ ਖ਼ੂਨਦਾਨੀਆਂ ਨੂੰ ਮੈਡਲ, ਸਰਟੀਫਿਕੇਟ ਅਤੇ ਕੱਪ ਦੇ ਕੇ ਸਨਮਾਨਿਤ ਕੀਤਾ | ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਮੰਗੇਸ਼ ਸੂਦ ਨੇ ਦੱਸਿਆ ਕਿ ਰੈੱਡ ਕਰਾਸ ਵੱਲੋਂ ਹੁਸ਼ਿਆਰਪੁਰ ਦੇ ਵੱਖ-ਵੱਖ ਉਦਯੋਗਾਂ ਅਤੇ ਫ਼ੈਕਟਰੀਆਂ ਵਿਚ ਲਗਾਤਾਰ ਫ਼ਸਟ ਏਡ ਟਰੇਨਿੰਗ ਕੈਂਪ ਲਗਾਏ ਜਾ ਰਹੇ ਹਨ, ਜਿੱਥੇ ਸਿੱਖਿਆਰਥੀਆਂ ਨੂੰ ਖ਼ੂਨਦਾਨ ਕਰਨ ਲਈ ਵੀ ਜਾਗਰੂਕ ਕੀਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਰੈੱਡ ਕਰਾਸ ਦੁਆਰਾ ਉਦਯੋਗਿਕ ਖੇਤਰਾਂ ਨੂੰ ਖ਼ੂਨਦਾਨ ਮੁਹਿੰਮ ਨਾਲ ਜੋੜਨ ਲਈ ਨਵੀਂ ਪਹਿਲ ਕੀਤੀ ਗਈ ਹੈ ਜਿਸ ਤਹਿਤ ਸਭ ਤੋਂ ਪਹਿਲਾਂ ਸੈਂਚੁਰੀ ਪਲਾਈਬੋਰਡਸ ਨੇ ਖ਼ੂਨਦਾਨ ਕੈਂਪ ਦੀ ਸ਼ੁਰੂਆਤ ਕੀਤੀ ਹੈ | ਰੈੱਡ ਕਰਾਸ ਸੁਸਾਇਟੀ ਦੇ ਸੰਯੁਕਤ ਸਕੱਤਰ ਅਦਿੱਤਿਆ ਰਾਣਾ ਸਮੇਤ ਰੈੱਡ ਕਰਾਸ ਟੀਮ ਵੀ ਇਸ ਮੌਕੇ ਹਾਜ਼ਰ ਸੀ |