ਰਾਹੋਂ, 24 ਜੂਨ (ਉਂਕਾਰ ਸਿੰਘ ਰਾਠੋਰ)-ਲੰਬੇ ਸਮੇਂ ਤੋਂ ਚੱਲ ਰਹੀ ਮਾਈਨਿੰਗ ਦੇ ਵਿਰੋਧ ਵਿੱਚ ਅੱਜ ਜੁਲਾਹ ਮਾਜ਼ਰਾ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਸੜਕਾਂ ‘ਤੇ ਉਤਰ ਆਏ। ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਮੱਤੇਵਾੜਾ ਪੁੱਲ ਦੇ ਨਜ਼ਦੀਕ ਰੇਤੇ ਨਾਲ ਭਰੇ ਕਈ ਟਿੱਪਰਾਂ ਨੂੰ ਰੋਕ ਕੇ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੁਖਦੀਪ ਸਿੰਘ ਸ਼ੁਕਾਰ ਅਤੇ ਐੱਸ.ਜੀ.ਪੀ.ਸੀ ਮੈਂਬਰ ਗੁਰਬਖਸ਼ ਸਿੰਘ ਖਾਲਸਾ ਨੇ ਕਿਹਾ ਕਿ ਲਾਲੇਵਾਲ ਅਤੇ ਮਲਕਪੁਰ ਅਤੇ ਹੋਰ ਇਲਾਕੇ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਨਾਜਾਇਜ਼ ਮਾਈਨਿੰਗ ਦਾ ਧੰਦਾ ਬੇਰੋਕ-ਟੋਕ ਚੱਲ ਰਿਹਾ ਹੈ, ਪਰ ਪ੍ਰਸ਼ਾਸਨ ਇਸ ‘ਤੇ ਕੋਈ ਸਖ਼ਤ ਕਾਰਵਾਈ ਨਹੀਂ ਕਰ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਦਿਨ-ਰਾਤ ਦੌੜਦੇ ਓਵਰਲੋਡ ਟਿੱਪਰਾਂ ਨੇ ਬੰਨ ਅਤੇ ਸੜਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ ਅਤੇ ਹਰ ਵੇਲੇ ਕਿਸੇ ਵੱਡੇ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ। ਲੋਕਾਂ ਨੇ ਕਿਹਾ ਕਿ ਕਈ ਟਿੱਪਰ ਬਿਨਾਂ ਨੰਬਰ ਪਲੇਟਾਂ ਦੇ ਚੱਲ ਰਹੇ ਹਨ, ਜਿਸ ਕਾਰਨ ਕਾਨੂੰਨ-ਵਿਵਸਥਾ ‘ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੁਖਦੀਪ ਸਿੰਘ ਸ਼ੁਕਾਰ ਨੇ ਕਿਹਾ ਕਿ ਉਹ ਇਸ ਨਜ਼ਾਇਜ ਮਾਈਨਿੰਗ ਨੂੰ ਨਹੀਂ ਚੱਲਣ ਦੇਣਗੇ ਉਹ ਆਪਣੇ ਹਲਕੇ ਦੇ ਲੋਕਾਂ ਨਾਲ ਹਰ ਸਮੇਂ ਖੜ੍ਹੇ ਹਨ ਅਤੇ ਖੜ੍ਹੇ ਰਹਿਣਗੇ ਅਤੇ ਕਿਸੇ ਵੀ ਹਾਲ ਵਿੱਚ ਹਲਕਾ ਨਿਵਾਸੀਆਂ ਦਾ ਨੁਕਸਾਨ ਨਹੀਂ ਹੋਣ ਦੇਣਗੇ। ਉਹਨਾਂ ਕਿਹਾ ਕਿ ਟਿੱਪਰ ਵਾਲਿਆਂ ਕੋਲ ਕੋਈ ਵੀ ਅਧਿਕਾਰਤ ਪਰਚੀਆਂ ਨਹੀਂ ਹਨ ਅਤੇ ਓਵਰਲੋਡ ਟਿੱਪਰ ਬੰਨ ਦੇ ਉੱਪਰ ਕਈ-ਕਈ ਕਿਲੋਮੀਟਰ ਤੱਕ ਲੰਘ ਕੇ ਆਉਂਦੇ ਹਨ ਅਤੇ ਰੋਡ ਦੇ ਉੱਪਰ ਚੜ੍ਹਦੇ ਹਨ ਅਤੇ ਭਾਰੀ ਵਾਹਨਾਂ ਦੇ ਪਾਬੰਦੀ ਦੇ ਬਾਵਜੂਦ ਵੀ ਟਿੱਪਰ ਸਤਲੁਜ ਦਰਿਆ ਦੇ ਪੁੱਲ ਉਪਰੋ ਵੱਡੀ ਮਾਤਰਾ ਵਿੱਚ ਲੰਘ ਰਹੇ ਹਨ। ਉਹਨਾਂ ਕਿਹਾ ਕਿ ਆਉਣ ਵਾਲੀਆਂ ਬਰਸਾਤਾਂ ਦੇ ਵਿੱਚ ਜੇਕਰ ਕੋਈ ਬੰਨ ਨੂੰ ਕੋਈ ਨੁਕਸਾਨ ਹੋਣ ਨਾਲ ਇਲਾਕੇ ਨੂੰ ਨੁਕਸਾਨ ਹੁੰਦਾ ਹੈ ਤਾਂ ਇਸਦਾ ਜੁੰਮੇਵਾਰ ਪ੍ਰਸ਼ਾਸਨ ਹੋਵੇਗਾ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਨਾਜਾਇਜ਼ ਮਾਈਨਿੰਗ ਨੂੰ ਤੁਰੰਤ ਬੰਦ ਨਾ ਕੀਤਾ ਗਿਆ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਹੋਈ ਤਾਂ ਲੋਕ ਵੱਡਾ ਸੰਘਰਸ਼ ਛੇੜਣ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਪਿੰਡ ਵਾਸੀਆਂ ਨੇ ਇਕਜੁੱਟ ਹੋ ਕੇ ਕਿਹਾ ਕਿ ਉਹ ਆਪਣੇ ਇਲਾਕੇ ਦੀ ਧਰਤੀ ਅਤੇ ਲੋਕਾਂ ਦੀ ਜਾਨ-ਮਾਲ ਨਾਲ ਖਿਲਵਾੜ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੁਖਦੀਪ ਸਿੰਘ ਸ਼ੁਕਾਰ, ਐਸ.ਜੀ.ਪੀ.ਸੀ ਮੈਂਬਰ ਗੁਰਬਖਸ਼ ਸਿੰਘ ਖਾਲਸਾ, ਪ੍ਰਭਜੀਤ ਸਿੰਘ ਮਿੱਠਾ, ਸੁਰਜੀਤ ਸਿੰਘ, ਸੁਖਵਿੰਦਰ ਸਿੰਘ, ਕੁਲਦੀਪ ਸਿੰਘ, ਜਸਪਾਲ ਸਿੰਘ, ਪੰਚ ਜਗਤਾਰ ਸਿੰਘ, ਕੁਲਦੀਪ ਸਿੰਘ, ਸੁਖਦੀਪ ਸਿੰਘ, ਪਰਮਜੀਤ ਸਿੰਘ, ਮਨਰਾਜ ਸਿੰਘ, ਸੁਖਬੀਰ ਸਿੰਘ, ਕੁਲਵੀਰ ਸਿੰਘ, ਗੁਰਮੀਤ ਸਿੰਘ, ਗੁਰਵਿੰਦਰ ਸਿੰਘ, ਅਮਰਜੀਤ ਸਿੰਘ, ਡਾ. ਬਲਵਿੰਦਰ ਸਿੰਘ, ਮਨਪ੍ਰੀਤ ਸਿੰਘ, ਕੁਲਵੰਤ ਸਿੰਘ, ਅਮਰੀਕ ਸਿੰਘ ਖੁਰਦਾ, ਸੁਰਿੰਦਰ ਸਿੰਘ ਮਹਿਰਮਪੁਰ, ਗੁਰਬਾਜ਼ ਸਿੰਘ ਖਾਲਸਾ, ਸਿਮਰ ਅਜੀਤ ਸਿੰਘ, ਬਲਜੀਤ ਸਿੰਘ, ਜਸਪ੍ਰੀਤ ਸਿੰਘ, ਸੁਰਜੀਤ ਸਿੰਘ, ਜੀਤਾ ਬੁਰਜ, ਡਾ. ਲਾਲ ਚੰਦ ਤਾਜਪੁਰ, ਸਤਪਾਲ ਬਹਾਦੁਰਪੁਰ, ਰੇਸ਼ਮ ਸਿੰਘ ਬੇਗੋਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਿਰ ਸਨ।
ਨਾਜਾਇਜ਼ ਮਾਈਨਿੰਗ ਖ਼ਿਲਾਫ਼ ਲੋਕਾਂ ਦਾ ਫੁੱਟਿਆ ਗੁੱਸਾ
ਅਜੀਤ ਡੈਸਕ
25-06-2026