ਬੰਗਾ, 25 ਜੂਨ (ਧਰਮਵੀਰ ਪਾਲ)-ਪੰਜਾਬ ਐਂਡ ਸਿੰਧ ਬੈਂਕ ਬ੍ਰਾਂਚ ਢਾਹਾਂ ਕਲੇਰਾਂ ਵਿਖੇ ਬੈਂਕ ਦਾ 119ਵਾਂ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਬੈਂਕ ਵਲੋਂ ਸਮਾਜਿਕ ਜ਼ਿੰਮੇਵਾਰੀ ਨਿਭਾਉਂਦਿਆਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਮਰੀਜ਼ਾਂ ਦੀ ਸਹੂਲਤ ਲਈ ਦੋ ਵ੍ਹੀਲ ਚੇਅਰਾਂ ਭੇਟ ਕੀਤੀਆਂ ਗਈਆਂ। ਬੈਂਕ ਦੇ ਮੈਨੇਜਰ ਸ. ਹਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਐਂਡ ਸਿੰਧ ਬੈਂਕ ਦੀ ਸਥਾਪਨਾ ਸਾਲ 1908 ਵਿਚ ਭਾਈ ਵੀਰ ਸਿੰਘ, ਸਰ ਸੁੰਦਰ ਸਿੰਘ ਮਜੀਠੀਆ ਤੇ ਸ. ਤਰਲੋਚਨ ਸਿੰਘ ਵਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਬੈਂਕ ਆਪਣੇ 119ਵੇਂ ਸਥਾਪਨਾ ਦਿਵਸ ਮੌਕੇ ਸਮਾਜ ਸੇਵਾ ਦੇ ਉਦੇਸ਼ ਨਾਲ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਮਰੀਜ਼ਾਂ ਦੀ ਸਹੂਲਤ ਲਈ ਇਹ ਵ੍ਹੀਲ ਚੇਅਰਾਂ ਭੇਟ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਉਪਰਾਲਾ ਬੈਂਕ ਦੇ ਰਿਜਨਲ ਮੈਨੇਜਰ ਧਰਿੰਦਰ ਵਿਕਰਮ ਸਿੰਘ ਹੁਸ਼ਿਆਰਪੁਰ ਦੀ ਯੋਗ ਅਗਵਾਈ ਹੇਠ ਕੀਤਾ ਗਿਆ ਹੈ। ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਲਈ ਦੋ ਵ੍ਹੀਲ ਚੇਅਰਾਂ ਭੇਟ ਕਰਨ ਲਈ ਪੰਜਾਬ ਐਂਡ ਸਿੰਧ ਬੈਂਕ ਬ੍ਰਾਂਚ ਢਾਹਾਂ ਕਲੇਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬੈਂਕ ਨੂੰ 119ਵੇਂ ਸਥਾਪਨਾ ਦਿਵਸ ਦੀਆਂ ਮੁਬਾਰਕਾਂ ਵੀ ਦਿੱਤੀਆਂ। ਇਸ ਮੌਕੇ ਕਮਲਜੀਤ ਸਿੰਘ ਬੈਂਕ ਅਫਸਰ, ਮੈਡਮ ਸੋਨੂੰ ਚੌਧਰੀ ਬੈਂਕ ਅਫਸਰ, ਦੀਪਕ ਕੁਮਾਰ ਕੈਸ਼ੀਅਰ, ਸਤਿੰਦਰ ਕੁਮਾਰ, ਮੈਡਮ ਕ੍ਰਿਸ਼ਨਾ, ਮਹਿੰਦਰਪਾਲ ਸਿੰਘ ਦਫ਼ਤਰ ਸੁਪਰਡੈਂਟ, ਮੈਡਮ ਜੋਤੀ ਭਾਟੀਆ ਓ. ਪੀ. ਡੀ. ਇੰਚਾਰਜ ਤੇ ਜੋਗਾ ਰਾਮ ਹਾਊਸ ਕੀਪਿੰਗ ਇੰਚਾਰਜ ਵੀ ਹਾਜ਼ਰ ਸਨ।
ਪੰਜਾਬ ਐਂਡ ਸਿੰਧ ਬੈਂਕ ਦੇ 119ਵੇਂ ਸਥਾਪਨਾ ਦਿਵਸ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਵ੍ਹੀਲ ਚੇਅਰਾਂ ਭੇਟ
ਅਜੀਤ ਡੈਸਕ
26-06-2026