ਟੱਪਰੀਆਂ ਖੁਰਦ, 28 ਜੂਨ (ਬੂਥਗੜ੍ਹੀਆ)-ਕਾਸ਼ੀਪੁਰੀ-ਧਾਮ ਝਾਂਡੀਆਂ ਕਲਾਂ ਵਿਖੇ ਸਤਿਗੁਰ ਮਹਾਰਾਜ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ 3 ਰੋਜ਼ਾ ‘ਕਬੀਰ ਜੈਅੰਤੀ ਸਮਾਗਮ’ ਸ਼ਰਧਾਪੂਰਵਕ ਆਰੰਭ ਹੋ ਗਿਆ। ਸਮਾਗਮ ਦੇ ਪਹਿਲੇ ਦਿਨ ਜਗਤ ਗੁਰੂ ਅਚਾਰੀਆ ਬਾਬਾ ਗਰੀਬਦਾਸ ਦੀ ਅੰਮ੍ਰਿਤਮਈ ਬਾਣੀ ਦੇ ਪਾਠਾਂ ਦੀ ਆਰੰਭਤਾ ਹੋਈ। ਇਸ ਮੌਕੇ ਭਾਰੀ ਸੰਖਿਆ ’ਚ ਜੁੜ੍ਹੀਆਂ ਸੰਗਤਾਂ ਦੇ ਸਨਮੁੱਖ ਪ੍ਰਵਚਨ ਕਰਦਿਆਂ ਆਚਾਰੀਆ ਸਵਾਮੀ ਚੇਤਨਾਨੰਦ ਮਹਾਰਾਜ ਭੂਰੀਵਾਲਿਆਂ ਨੇ ਕਿਹਾ ਕਿ ਕਬੀਰ ਸਾਹਿਬ ਕੋਈ ਸਧਾਰਨ ਪੁਰਸ਼ ਨਹੀ ਸਨ, ਉਹ ਇਕ ਸਤਿਪੁੁਰਸ਼ ਸਨ। ਜਿਨ੍ਹਾਂ ਦੀਆਂ ਸਿੱਖਿਆਵਾਂ ਸਮੁੱਚੀ ਮਾਨਵਤਾ ਲਈ ਆਦਰਸ਼ ਹਨ। ਉਨ੍ਹਾਂ ਇਸ ਦਿਹਾੜੇ ’ਤੇ ਸੰਗਤਾਂ ਨੂੰ ਉਪਦੇਸ਼ ਦਿੰਦਿਆਂ ਕਿਹਾ ਕਿ ਸੱਚਾ ਧੰਨ ਸਦਗੁਣ, ਸਦਾਚਾਰ, ਉੱਜਵਲ ਚਰਿੱਤਰ ਤੇ ਆਤਮ ਧੰਨ ਹੈ। ਇਸ ਦੇ ਨਾਲ ਹੀ ਸੁੱਖ ਸ਼ਾਂਤੀ ਦਾ ਖਜ਼ਾਨਾ ਸਾਡੇ ਅੰਦਰ ਹੈ। ਜੇਕਰ ਅਸੀਂ ਉਸ ਨੂੰ ਸੰਸਾਰ ਦੇ ਭੋਗਾਂ ’ਚ ਲੱਭ ਰਹੇ ਹਾਂ, ਜਿਥੇ ਕੇਵਲ ਦੁੱਖ ਤੇ ਅਸ਼ਾਂਤੀ ਹੀ ਹੈ। ਇਸ ਮੌਕੇ ਵਿਸ਼ੇਸ਼ ਰੂਪ ’ਚ ਹਾਜ਼ਰ ਹੋਈਆਂ ਵੱਖ-ਵੱਖ ਸਮਾਜਿਕ, ਧਾਰਮਿਕ ਤੇ ਰਾਜਨੀਤਕ ਸ਼ਖ਼ਸੀਅਤਾਂ ਨੇ ਸੰਤਾਂ ਦਾ ਅਸ਼ੀਰਵਾਦ ਲਿਆ ਅਤੇ ਆਖਿਆ ਕਿ ਉਹ ਖੁਸ਼ਨਸੀਬ ਹਨ, ਜਿਨ੍ਹਾਂ ਨੂੰ ਇਸ ਪਵਿੱਤਰ ਸਥਾਨ ’ਤੇ ਪਹੁੰਚਣ ਅਤੇ ਸੰਤਾਂ ਦੇ ਅਨਮੋਲ ਵਚਨ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਸਤਿਗੁਰੂ ਕਬੀਰ ਸਾਹਿਬ ਜੀ ਦੀਆਂ ਸਿੱਖਿਆਂ ’ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣ। ਇਸ ਤੋਂ ਪਹਿਲਾਂ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਨੇ ਜਗਤ ਗੁਰੂ ਅਚਾਰੀਆ ਬਾਬਾ ਗਰੀਬਦਾਸ ਜੀ ਦੀ ਅੰਮ੍ਰਿਤਮਈ ਬਾਣੀ ਦੇ ਪਾਠ ਆਰੰਭ ਕਰਵਾਏ। ਸਮਾਗਮ ਦੇ ਅੰਤਿਮ ਦਿਨ 29 ਜੂਨ ਨੂੰ ਬਾਣੀ ਦੇ ਸੰਪੂਰਨਤਾ ਦੇ ਭੋਗ ਪਾਏ ਜਾਣਗੇ। ਇਸ ਧਾਰਮਿਕ ਸਮਾਗਮ ਦੌਰਾਨ ਸਵਾਮੀ ਤ੍ਰਿਪਰਾਰੀ ਦਾਸ, ਸਵਾਮੀ ਨਿੱਤਿਆ ਨੰਦ, ਸਵਾਮੀ ਕ੍ਰਿਸ਼ਨ ਸਰੂਪ ਹਰਿਦੁਆਰ, ਸਵਾਮੀ ਰਮਨਾ ਨੰਦ, ਸਵਾਮੀ ਦਰਵੇਸ਼ਾ ਨੰਦ, ਸਵਾਮੀ ਸੋਹਮ ਪ੍ਰਕਾਸ਼, ਸਵਾਮੀ ਹਰਬੰਸ ਲਾਲ ਬ੍ਰਹਮਚਾਰੀ ਡੇਹਲੋਂ ਤੇ ਸਵਾਮੀ ਸਤਦੇਵ ਬ੍ਰਹਮਚਾਰੀ ਸਹਿਤ ਵੱਖ-ਵੱਖ ਸੰਪਰਦਾਵਾਂ ਦੇ ਸੰਤ-ਮਹਾਂਪੁਰਸ਼ਾਂ ਤੋਂ ਇਲਾਵਾ ਵੱਡੀ ਤਦਾਦ ’ਚ ਸੰਗਤਾਂ, ਭੂਰੀਵਾਲੇ ਟਰੱਸਟ ਦੇ ਅਹੁਦੇਦਾਰ ਅਤੇ ਸੇਵਾਦਾਰ ਹਾਜ਼ਰ ਸਨ।
ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਵਿਖੇ 3 ਰੋਜ਼ਾ ਕਬੀਰ ਜੈਅੰਤੀ ਸਮਾਗਮ ਸ਼ਰਧਾਪੂਰਵਕ ਆਰੰਭ
ਅਜੀਤ ਡੈਸਕ
29-06-2026