ਰੱਤੇਵਾਲ, 28 ਜੂਨ (ਅਸ਼ੋਕ ਕੁਮਾਰ ਲੀਲ)-ਬੱਛੂਆਂ ਟੋਲ ਪਲਾਜ਼ਾ ਵਿਖੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਅਹੁਦੇਦਾਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਰੈਲਮਾਜਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਯੂਨੀਅਨ ਦੇ ਅਹੁਦੇਦਾਰਾਂ ਦੀ ਜ਼ਿਲ੍ਹਾ ਪੱਧਰੀ ਤੇ ਤਹਿਸੀਲ ਪੱਧਰੀ ਚੋਣ ਕਰਨ ਲਈ 12 ਜੁਲਾਈ ਦਾ ਸਮਾਂ ਨਿਸ਼ਚਿਤ ਕੀਤਾ। ਇਸ ਤੋਂ ਬਾਅਦ ਵੱਖ-ਵੱਖ ਬੁਲਾਰਿਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਿੰਡ ਟੌਂਸਾ ਦੇ ਫੈਕਟਰੀ ਏਰੀਏ ਵਿਚ ਫੈਕਟਰੀਆਂ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀਆਂ ਕਾਰਾਂ ਸਰਵਿਸ ਰੋਡ ‘ਤੇ ਖੜ੍ਹੀਆਂ ਹੋਣ ਕਰਕੇ ਆਮ ਲੋਕਾਂ ਨੂੰ ਭਾਰੀ ਦਿਕਤ ਆਉਂਦੀ ਹੈ। ਇਸ ਸਮੱਸਿਆ ਦਾ ਹੱਲ ਕਰਨ ਲਈ ਕਈ ਵਾਰ ਫੈਕਟਰੀਆਂ ਦੇ ਜ਼ਿੰਮੇਵਾਰ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ, ਪਰ ਅੱਜ ਤੱਕ ਇਸ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਨਿਕਲਿਆ। ਇਸ ਲਈ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਸਭ ਤੋਂ ਪਹਿਲਾਂ ਫੈਕਟਰੀਆਂ ਵਾਲਿਆਂ ਨੂੰ ਲਿਖਤੀ ਰੂਪ ਵਿਚ ਮੰਗ-ਪੱਤਰ ਦਿੱਤਾ ਜਾਵੇਗਾ, ਜੇਕਰ ਇਸ ਸਮੱਸਿਆ ਦਾ ਕੋਈ ਹੱਲ ਨਾ ਹੋਇਆ ਤਾਂ ਅਗਲਾ ਪ੍ਰੋਗਰਾਮ ਜਲਦੀ ਉਲੀਕ ਕੇ ਇਲਾਕੇ ਦੇ ਆਮ ਲੋਕਾਂ ਨੂੰ ਲਾਮਬੰਦ ਕਰਕੇ ਫੈਕਟਰੀਆਂ ਦੇ ਅੱਗੇ ਧਰਨੇ ਦਿੱਤੇ ਜਾਣਗੇ। ਇਸ ਦੇ ਨਾਲ ਹੀ ਫੈਕਟਰੀਆਂ ਵਲੋਂ ਫੈਲਾਏ ਜਾਣ ਵਾਲੇ ਪ੍ਰਦੂਸ਼ਣ ਕਾਰਨ ਫੈਕਟਰੀਆਂ ਦੇ ਨਾਲ ਲੱਗਦੇ ਪਿੰਡਾਂ ਵਿਚ ਜੋ ਭਿਆਨਕ ਬਿਮਾਰੀਆਂ ਪੈਰ ਪਸਾਰ ਰਹੀਆਂ ਹਨ ਅਤੇ ਪੀਣ ਵਾਲਾ ਪਾਣੀ ਵੀ ਪ੍ਰਦੂਸ਼ਿਤ ਹੋ ਚੁਕਾ ਹੈ। ਇਸ ਸੰਬੰਧੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਨੂੰ ਵੀ ਇਸ ਮਸਲੇ ਸੰਬੰਧੀ ਸ਼ਿਕਾਇਤ ਪੱਤਰ ਦਿੱਤਾ ਜਾਵੇਗਾ। ਇਸ ਮੌਕੇ ਪ੍ਰਧਾਨ ਸੰਤੋਖ ਸਿੰਘ ਰੈਲਮਾਜਰਾ, ਕੁਲਵਿੰਦਰ ਸਿੰਘ ਸਰਪੰਚ ਪਰਾਗਪੁਰ, ਹਰਦੀਪ ਸਿੰਘ ਰੈਲਮਾਜਰਾ, ਗੁਰਮੁਖ ਸਿੰਘ ਮਹਿਮੂਦਪੁਰ, ਸਵਰਨ ਸਿੰਘ ਰਾਏਪੁਰ, ਅਮਰਜੀਤ ਸਿੰਘ ਸਾਬਕਾ ਸਰਪੰਚ ਏ.ਡੀ.ਬੀ ਬੇਲਾ ਤਾਜੋਵਾਲ, ਕਿਸਾਨ ਆਗੂ ਚਰਨ ਸਿੰਘ ਛਦੌੜੀ, ਮਾਸਟਰ ਜਸਵੰਤ ਰਾਏ ਜੱਸੀ, ਬਾਬੂ ਜਗਦੀਸ਼ ਕੁਮਾਰ ਗਰਗ, ਸੁਭਾਸ਼ ਚੰਦਰ ਗੁਪਤਾ ਤੋਂ ਇਲਾਵਾ ਹੋਰ ਕਿਸਾਨ ਆਗੂ ਵੀ ਹਾਜ਼ਰ ਸਨ।
ਟੋਲ ਪਲਾਜ਼ਾ ਬੱਛੂਆਂ ਵਿਖੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ
ਅਜੀਤ ਡੈਸਕ
29-06-2026