ਬਲਾਚੌਰ, 2 ਜੁਲਾਈ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਦੇਸ਼ ਭਰ ‘ਚ ਨੀਟ ਦਾ ਪੇਪਰ ਲੀਕ ਹੋਣ ਕਰਕੇ 22 ਲੱਖ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ‘ਚ ਪੈ ਗਿਆ ਹੈ। ਇੱਥੇ ਹੀ ਬੱਸ ਨਹੀਂ ਪ੍ਰੀਖਿਆ ਸਬੰਧੀ ਚਿੰਤਾ ਦੇ ਮਾਰੇ ਕਈ ਹੋਣਹਾਰ ਵਿਦਿਆਰਥੀ ਖ਼ੁਦਕੁਸ਼ੀ ਤੱਕ ਕਰ ਗਏ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਪੇਪਰ ਲੀਕ ਦੇ ਮੁੱਖ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕੇਂਦਰ ਸਰਕਾਰ ਵੱਲੋਂ ਅੱਜ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਇਹ ਪ੍ਰਗਟਾਵਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਅਜੇ ਮੰਗੂਪੁਰ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਕਰਵਾਏ ਸੈਮੀਨਾਰ ਮਗਰੋਂ ਬਲਾਚੌਰ ਵਿਖੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਸਾਬਕਾ ਸਪੀਕਰ ਕੇ.ਪੀ ਰਾਣਾ ਨੇ ਕੀਤਾ। ਉਨ੍ਹਾਂ ਕਿਹਾ ਕਿ ਪੇਪਰ ਲੀਕ ਅਤੇ ਪ੍ਰੀਖਿਆਵਾਂ ‘ਚ ਹੋ ਰਹੀ ਧੋਖਾਦੇਹੀ ਵਿਰੁੱਧ ਦੇਸ਼ ਦੇ 28 ਵੱਡੇ ਸ਼ਹਿਰਾਂ ‘ਚ 40 ਦਿਨਾਂ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਇਸ ਦਾ ਮੁੱਖ ਉਦੇਸ਼ ਪ੍ਰੀਖਿਆਵਾਂ ਵਿਚ ਦੇਰੀ, ਐਨ ਮੌਕੇ ‘ਤੇ ਰੱਦ ਹੋ ਰਹੀਆਂ ਪ੍ਰੀਖਿਆਵਾਂ ਅਤੇ ਜਨਤਕ ਪ੍ਰੀਖਿਆ ਪ੍ਰਣਾਲੀ ਤੇ ਟੁੱਟ ਰਹੇ ਭਰੋਸੇ ਖ਼ਿਲਾਫ਼ ਵਿਦਿਆਰਥੀਆਂ ਨੂੰ ਸੰਗਠਿਤ ਕਰਨਾ ਹੈ। ਇਹ ਮੁਹਿੰਮ ਕੋਚਿੰਗ-ਸੈਂਟਰਾਂ, ਕਾਲਜਾਂ, ਹੋਸਟਲਾਂ, ਲਾਇਬ੍ਰੇਰੀਆਂ ਅਤੇ ਸੜਕਾਂ ਤੋਂ ਵਿਦਿਆਰਥੀਆਂ ਦੀ ਆਵਾਜ਼ ਨੂੰ ਰਾਸ਼ਟਰੀ ਪੱਧਰ ਤੱਕ ਪਹੁੰਚਾਏਗੀ। ਇਹ ਇੱਕ ਸਧਾਰਨ ਅਤੇ ਇਨਸਾਫ਼ ਦੇ ਸਿਧਾਂਤ ਦੀ ਲੜਾਈ ਹੈ, ਜੋ ਵਿਦਿਆਰਥੀ ਦਿਨ-ਰਾਤ ਮਿਹਨਤ ਕਰਦਾ ਹੈ, ਉਸ ਨੂੰ ਨਿਰਪੱਖ ਪ੍ਰੀਖਿਆ ਮਿਲਣੀ ਚਾਹੀਦੀ ਹੈ। ਅਜੇ ਮੰਗੂਪੁਰ ਨੇ ਨੀਟ ਪ੍ਰੀਖਿਆ ਦੇ ਹਵਾਲੇ ਨਾਲ ਕਿਹਾ ਕਿ ਇਹ ਸਿਰਫ਼ ਇੱਕ ਪ੍ਰੀਖਿਆ ਰੱਦ ਹੋਣ ਦਾ ਮਾਮਲਾ ਨਹੀਂ ਸੀ, ਸਗੋਂ ਲੱਖਾਂ ਨੌਜਵਾਨਾਂ ਦੇ ਭਰੋਸੇ ਦਾ ਟੁੱਟਣਾ ਸੀ, ਜਿਸ ਨਾਲ ਦੇਸ਼ ਭਰ ਵਿਚ ਘਬਰਾਹਟ ਅਤੇ ਅਨਿਸ਼ਚਿਤਤਾ ਦਾ ਮਾਹੌਲ ਬਣਿਆ। ਪੇਪਰ ਲੀਕ ਹੁਣ ਇੱਕ ਰਾਸ਼ਟਰੀ ਪੱਧਰ ਦੀ ਗੰਭੀਰ ਸਮੱਸਿਆ ਬਣ ਚੁੱਕੀ ਹੈ, ਜਿਸ ਕਾਰਨ ਪਿਛਲੇ 10 ਸਾਲਾਂ ਵਿਚ ਕਰੋੜਾਂ ਉਮੀਦਵਾਰ ਪ੍ਰਭਾਵਿਤ ਹੋਏ ਹਨ ਅਤੇ ਦਰਜਨਾਂ ਪ੍ਰੀਖਿਆਵਾਂ ਮੁੜ ਕਰਵਾਉਣੀਆਂ ਪਈਆਂ ਹਨ। ਕਾਂਗਰਸ ਪਾਰਟੀ ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫ਼ੇ ਤੱਕ ਵਿਦਿਆਰਥੀਆਂ ਦੇ ਹੱਕਾਂ ਲਈ ਸੰਘਰਸ਼ ਜਾਰੀ ਰੱਖੇਗੀ। ਇਸ ਮੌਕੇ ਕੇ.ਪੀ ਰਾਣਾ ਸਾਬਕਾ ਸਪੀਕਰ, ਚੌਧਰੀ ਦਰਸ਼ਨ ਲਾਲ ਮੰਗੂਪੁਰ ਸਾਬਕਾ ਵਿਧਾਇਕ, ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਅਸ਼ਵਨੀ ਸ਼ਰਮਾ ਜ਼ਿਲ੍ਹਾ ਪ੍ਰਧਾਨ ਰੂਪਨਗਰ, ਤਰਸੇਮ ਚੰਦਿਆਣੀ ਸਾਬਕਾ ਚੇਅਰਮੈਨ, ਬਲਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਪੰਚਾਇਤੀ ਰਾਜ ਸੰਗਠਨ, ਰਾਜ ਕੁਮਾਰ ਜ਼ਿਲ੍ਹਾ ਪ੍ਰਧਾਨ ਸੇਵਾ ਦੱਲ, ਨਾਨਕ ਸਿੰਘ ਬਾਂਠ ਚੇਅਰਮੈਨ, ਤਿਲਕ ਰਾਜ ਸੂਦ ਬਲਾਕ ਪ੍ਰਧਾਨ ਸੜੋਆ, ਹਰਜੀਤ ਸਿੰਘ ਜਾਡਲੀ, ਉਪਕਾਰ ਸਿੰਘ ਸਾਬਕਾ ਜ਼ਿਲ੍ਹਾ ਪ੍ਰਧਾਨ ਐਸ.ਸੀ ਸੈੱਲ, ਕੁਲਦੀਪ ਕੁਮਾਰ ਪ੍ਰਧਾਨ ਕਿਸਾਨ ਸੈੱਲ, ਜਿੰਦਰ ਕੁਮਾਰ ਪ੍ਰਧਾਨ ਐਸ.ਸੀ ਸੈੱਲ, ਸਤਿੰਦਰ ਲਾਲ ਚੇਚੀ ਯੂਥ ਆਗੂ, ਮਲਕੀਤ ਸਿੰਘ ਧੌਲ, ਸਤਵਿੰਦਰ ਰੱਕੜ ਪ੍ਰਧਾਨ ਸੇਵਾ ਦੱਲ, ਰਾਜਿੰਦਰ ਸਿੰਘ ਸ਼ਿੰਦੀ ਦਫ਼ਤਰ ਸਕੱਤਰ, ਨਰਿੰਦਰ ਘਈ ਸਾਬਕਾ ਨਗਰ ਕੌਂਸਲ ਪ੍ਰਧਾਨ ਆਦਿ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।