ਬਲਾਚੌਰ, 2 ਜੁਲਾਈ (ਨਰੇਸ਼ ਧੌਲ)-ਬੀਤੀ ਰਾਤ ਪੁਰਾਣੀ ਲੱਕੜ ਮੰਡੀ ਬਲਾਚੌਰ ਵਿਖੇ ਲੱਖਾਂ ਰੁਪਏ ਦੀ ਕੀਮਤ ਵਾਲਾ ਕਵਾੜ ਦਾ ਸਮਾਨ ਸੜ ਕੇ ਸੁਆਹ ਹੋਣ ਦੀ ਖਬਰ ਹੈ। ਕਵਾੜ ਵਾਲੇ ਸਮਾਨ ਦੇ ਮਾਲਕ ਨਰਿੰਦਰ ਕਾਲੜਾ ਪੁੱਤਰ ਕਸਤੂਰੀ ਲਾਲ ਕਾਲੜਾ ਵਾਸੀ ਵਾਰਡ ਨੰਬਰ-4 ਭੱਦੀ ਰੋਡ ਦਾਣਾ ਮੰਡੀ ਬਲਾਚੌਰ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਉਹ ਭੱਦੀ ਰੋਡ ‘’ਤੇ ਗਣਪਤੀ ਟਰੇਡਰ (ਬਾਬੂ ਰਾਮ ਕਵਾੜੀਆ) ਦੇ ਨਾਂਅ ਨਾਲ ਕਵਾੜ ਦੀ ਦੁਕਾਨ ਕਰਦਾ ਹੈ ਅਤੇ ਦੁਕਾਨ ਦਾ ਗੁਦਾਮ ਪੁਰਾਣੀ ਲੱਕੜ ਮੰਡੀ ਸੈਣੀ ਪੈਲਸ ਦੇ ਨਜਦੀਕ ਬਣਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਗੁਦਾਮ ਦੇ ਨਜ਼ਦੀਕੀ ਲੋਕਾਂ ਵੱਲੋਂ ਮੈਨੂੰ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਗਿਆ ਕਿ ਤੁਹਾਡੇ ਗੁਦਾਮ ਨੂੰ ਅੱਗ ਲੱਗ ਚੁੱਕੀ ਹੈ। ਜਦੋਂ ਮੌਕੇ ‘’ਤੇ ਜਾ ਕੇ ਵੇਖਿਆ ਗਿਆ ਤਾਂ ਅੱਗ ਵਿਰਾਟ ਰੂਪ ਧਾਰਨ ਕਰ ਚੁੱਕੀ ਸੀ। ਉਪਰੰਤ ਫਾਇਰਬ੍ਰਿਗੇਡ ਵਿਭਾਗ ਵਾਲਿਆਂ ਨੂੰ ਸੂਚਿਤ ਕੀਤਾ ਗਿਆ। ਫਾਇਰਬ੍ਰਿਗੇਡ ਅਤੇ ਆਸ-ਪਾਸ ਦੇ ਲੋਕਾਂ ਦੇ ਜੱਦੋ-ਜਹਿਦ ਕਰਨ ਉਪਰੰਤ ਵੀ ਅੱਗ ਨੇ ਤਬਾਹੀ ਮਚਾਉਂਦਿਆਂ ਹੋਇਆਂ ਲਗਪਗ 25 ਲੱਖ ਰੁਪਏ ਦਾ ਸਾਮਾਨ ਸਾੜ ਕੇ ਸੁਆਹ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਜਦੋਂ ਛਾਣਬੀਣ ਕੀਤੀ ਗਈ ਅਤੇ ਸੀ.ਸੀ.ਟੀ.ਵੀ ਕੈਮਰੇ ਖੰਗਾਲੇ ਗਏ ਤਾਂ ਇੱਕ ਪ੍ਰਵਾਸੀ ਮਜ਼ਦੂਰ ਜਿਸ ਦਾ ਨਾਂਅ ਔਦਦਾਰ ਪੂਤੀ ਪੁੱਤਰ ਨਰਾਇਣ ਪੂਤੀ ਵਾਸੀ ਸਾਵਨੀ, ਡਾਕਖਾਨਾ ਸਾਵਨੀਆ, ਝਾਰਖੰਡ ਹਾਲ ਵਾਸੀ ਪੁਰਾਣੀ ਲੱਕੜ ਮੰਡੀ ਬਲਾਚੌਰ ਰਾਤ ਵੇਲੇ ਇੱਕ ਪਾਸੇ ਬੈਠ ਕੇ ਕੱਪੜਿਆਂ ਨੂੰ ਅੱਗ ਲਗਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪ੍ਰਵਾਸੀ ਮਜ਼ਦੂਰ ਦੀ ਵੱਡੀ ਅਣਗਹਿਲੀ ਕਾਰਨ ਹੀ ਅੱਗ ਉਨ੍ਹਾਂ ਦੇ ਕਵਾੜ ਵਾਲੇ ਸਾਮਾਨ ਦੇ ਗੁਦਾਮ ਨੂੰ ਲੱਗ ਗਈ, ਜਿਸ ਦੇ ਫਲਸਰੂਪ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਜਦੋਂ ਉਕਤ ਵਿਅਕਤੀ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਮੇਰੇ ਵੱਲੋਂ ਤਾਂ ਆਪਣੇ ਪੁਰਾਣੇ ਪਾਟੇ ਹੋਏ ਕੱਪੜਿਆਂ ਨੂੰ ਅੱਗ ਲਗਾਈ ਗਈ ਸੀ ਪਰ ਗੁਦਾਮ ਨੂੰ ਅੱਗ ਕਦੋਂ ਤੇ ਕਿਵੇਂ ਲੱਗ ਗਈ ਇਹ ਕੁੱਝ ਵੀ ਪਤਾ ਨਹੀਂ ਲੱਗਿਆ। ਸਾਮਾਨ ਦੇ ਮਾਲਕ ਨਰਿੰਦਰ ਕਾਲੜਾ ਵੱਲੋਂ ਇਸ ਘਟਨਾ ਸਬੰਧੀ ਥਾਣਾ ਬਲਾਚੌਰ ਦੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਤੇ ਉਕਤ ਪ੍ਰਵਾਸੀ ਮਜ਼ਦੂਰ ਵੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੀੜਤ ਨਰਿੰਦਰ ਕਾਲੜਾ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਜਿਹੜਾ ਵੀ ਦੋਸ਼ੀ ਪਾਇਆ ਜਾਂਦਾ ਹੈ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਮੇਰੇ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ।