ਕਾਠਗੜ੍ਹ, 4 ਜੁਲਾਈ (ਹਰਸਿਮਰਨ ਜੋਤ ਸਿੰਘ ਕਲੇਰ) - ਯੂਥ ਕਾਂਗਰਸ ਦੇ ਨਵਾਂਸ਼ਹਿਰ ਤੋਂ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਇੰਜੀਨੀਅਰ ਹਿੱਤਰਾਜ ਚੌਧਰੀ (ਜੰਡੀ) ਦੇ ਪਿੰਡ ਸੋਭੂਵਾਲ ਪਹੁੰਚਣ ’ਤੇ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਉਨ੍ਹਾਂ ਦਾ ਬਹੁਤ ਹੀ ਨਿੱਘਾ ਅਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਬਣਨ ’ਤੇ ਮੁਬਾਰਕਬਾਦ ਦਿੱਤੀ ਤੇ ਫੁੱਲਾਂ ਦੇ ਹਾਰ ਪਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਵਿਸ਼ੇਸ਼ ਪ੍ਰੋਗਰਾਮ ਦੌਰਾਨ ਜ਼ਿਲ੍ਹਾ ਪ੍ਰਧਾਨ ਇੰਜੀ. ਹਿੱਤਰਾਜ ਚੌਧਰੀ ਦੇ ਨਾਲ ਪ੍ਰਿੰਸੀਪਲ ਗੁਰਦੇਵ ਲਾਲ ਭੂੰਬਲਾ, ਜਸਦੇਵ ਭੂੰਬਲਾ, ਅਭਿਸ਼ੇਕ ਰਾਣਾ ਬਲਾਚੌਰ, ਵਿਵੇਕ ਰਾਣਾ ਤੇ ਗੁਰਪ੍ਰੀਤ ਸਿੰਘ ਵਰਗੀਆਂ ਪ੍ਰਮੁੱਖ ਸ਼ਖਸੀਅਤਾਂ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਈਆਂ। ਪਿੰਡ ਪਹੁੰਚਣ ’ਤੇ ਸਵਾਗਤ ਕਰਨ ਵਾਲਿਆਂ ਵਿੱਚ ਸਾਬਕਾ ਸਰਪੰਚ ਰਾਮਪਾਲ ਕਸਾਨਾਂ, ਓਮ ਪ੍ਰਕਾਸ਼ ਏ.ਐੱਸ.ਆਈ., ਬੀ.ਐੱਸ.ਐਫ. ਦੇ ਇੰਸਪੈਕਟਰ ਕਿਸ਼ਨ ਲਾਲ, ਬਲਵੀਰ ਚੰਦ ਕਸਾਣਾ, ਸਾਬਕਾ ਸਰਪੰਚ ਮਹਿੰਦਰਪਾਲ, ਮੌਜੂਦਾ ਸਰਪੰਚ ਚਮਨ ਲਾਲ, ਬਲਵੀਰ ਚੰਦ ਇੰਸਪੈਕਟਰ, ਬਲਦੇਵ ਰਾਜ, ਨਰੰਜਨ ਅਤੇ ਚੰਡੀਗੜ੍ਹ ਤੋਂ ਐਮ.ਪੀ. ਮਨੀਸ਼ ਤਿਵਾੜੀ ਦੇ ਪੀ.ਏ. ਅਰੁਨ ਚੌਧਰੀ ਸਮੇਤ ਵੱਡੀ ਗਿਣਤੀ ਵਿੱਚ ਸਮੂਹ ਪਿੰਡ ਵਾਸੀ ਹਾਜ਼ਰ ਸਨ ਜਿਨ੍ਹਾਂ ਨੇ ਨੌਜਵਾਨ ਆਗੂ ਦਾ ਉਤਸ਼ਾਹ ਵਧਾਇਆ। ਇਸ ਮੌਕੇ ਹਾਜ਼ਰ ਨੌਜਵਾਨਾਂ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਇੰਜੀ. ਹਿੱਤਰਾਜ ਚੌਧਰੀ ਜੰਡੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਪਾਰਟੀ ਦੀ ਮਜ਼ਬੂਤੀ ’ਤੇ ਜ਼ੋਰ ਦਿੰਦਿਆਂ ਨੌਜਵਾਨ ਵਰਗ ਨੂੰ ਵੱਧ ਤੋਂ ਵੱਧ ਕਾਂਗਰਸ ਪਾਰਟੀ ਨਾਲ ਜੁੜਨ ਦੀ ਅਪੀਲ ਕੀਤੀ।