06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਚੌਧਰੀ ਇੰਦਰਜੀਤ ਦੇ ਪਰਿਵਾਰ ਨੂੰ ਇਕ ਹੋਰ ਸਦਮਾ, ਸਰਦਾਰਨੀ ਚਰਨ ਕੌਰ ਨਹੀਂ ਰਹੇ

Ad Position 21
No active advertisement
ਅਜੀਤ ਡੈਸਕ 05-07-2026
ਨਵਾਂਸ਼ਹਿਰ, 4 ਜੁਲਾਈ (ਦੀਦਾਰ ਸਿੰਘ ਸ਼ੇਤਰਾ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਸ਼ੇਸ਼ ਕਰਕੇ ਬਲਾਚੌਰ ਦੇ ਰਾਜਨੀਤਿਕ ਅਤੇ ਵਿੱਦਿਅਕ ਹਲਕਿਆਂ ਵਿੱਚ ਇਹ ਖ਼ਬਰ ਬੜੇ ਦੁੱਖ ਨਾਲ਼ ਪੜ੍ਹੀ ਜਾਵੇਗੀ ਕਿ ਸਰਦਾਰਨੀ ਚਰਨ ਕੌਰ (ਗੁਰਚਰਨ ਘਣਗਸ) ਸੁਪਤਨੀ ਚੌਧਰੀ ਇੰਦਰਜੀਤ ਸਿੰਘ ਕੌਲਗੜ੍ਹ ਵਾਲੇ ਨਹੀਂ ਰਹੇ। ਸਰਦਾਰਨੀ ਚਰਨ ਕੌਰ ਕੌਲਗੜ੍ਹ (92), ਜਦੋਂ ਚੌਧਰੀ ਇੰਦਰਜੀਤ ਸਿੰਘ ਕੌਲਗੜ੍ਹ ਬੀਕਾਨੇਰ ਵਿਖੇ ਆਪਣੀ ਵੱਡੀ ਭੈਣ ਕੋਲ ਮਿਲਣ ਗਏ ਹੋਏ ਸਨ, ਦੀ ਅਚਾਨਕ ਦਿਲ ਦੀ ਧੜਕਣ ਬੰਦ ਹੋ ਜਾਣ ਕਾਰਨ ਹੋਈ ਮੌਤ ਉਪਰੰਤ, ਆਪਣੇ ਵਿਦੇਸ਼ ਵਸਦੇ ਬੱਚਿਆਂ ਦਵਿੰਦਰ ਅਤੇ ਨਰਿੰਦਰ ਕੋਲ ਚਲੇ ਗਏ ਸਨ। ਇਲਾਕੇ ਦੇ ਨਾਮੀ ਪਰਿਵਾਰ ਕੈਪਟਨ ਸੁਰਜੀਤ ਸਿੰਘ/ਰਤਨ ਕੌਰ ਬਕਾਪੁਰ (ਧਮਾਈ) ਦੀ ਧੀ ਸਰਦਾਰਨੀ ਚਰਨ ਕੌਰ ਦਾ ਵਿਆਹ ਇਲਾਕੇ ਦੇ ਨਾਮੀ ਜ਼ੈਲਦਾਰ ਪਰਿਵਾਰ ਵਿੱਚ ਜ਼ੈਲਦਾਰ ਚੌਧਰੀ ਨਾਰਾਇਣ ਚੰਦ ਕੌਲਗੜ੍ਹ ਵਾਲ੍ਹਿਆਂ ਦੇ ਸਪੁੱਤਰ ਚੌਧਰੀ ਇੰਦਰਜੀਤ ਸਿੰਘ ਕੌਲਗੜ੍ਹ ਨਾਲ ਹੋਇਆ। ਉਹਨਾਂ ਦੇ ਪਤੀ ਚੌਧਰੀ ਇੰਦਰਜੀਤ ਸਿੰਘ ਕੌਲਗੜ੍ਹ ਬਲਾਕ ਸੰਮਤੀ ਸੜੋਆ, ਲੈਂਡ ਮਾਰਗੇਜ਼ ਬੈਂਕ ਬਲਾਚੌਰ ਅਤੇ ਮਾਰਕੀਟਿੰਗ ਕਮੇਟੀ ਬਲਾਚੌਰ ਦੇ (ਮਾਸਟਰ ਦਲੀਪ ਚੰਦ ਦੇ ਮੈਂਬਰ ਪੰਜਾਬ ਵਿਧਾਨ ਸਭਾ ਸਮੇਂ) ਲੰਬਾ ਸਮਾਂ ਚੇਅਰਮੈਨ ਰਹੇ। ਉਹਨਾਂ 1957-58 ਵਿਚ ਪਿੰਡ ਨੂੰ ਡਿਸਟ੍ਰਿਕ ਬੋਰਡ ਹੁਸ਼ਿਆਰਪੁਰ ਤੋਂ ਪਹਿਲਾਂ ਪ੍ਰਾਇਮਰੀ ਸਕੂਲ, ਸਿੱਖਿਆ ਮੰਤਰੀ ਚੌਧਰੀ ਗੁਰਮੇਲ ਸਿੰਘ ਮਾਹਿਲਪੁਰ ਦੇ ਸਮੇਂ ਸਰਕਾਰੀ ਮਿਡਲ ਸਕੂਲ ਅਤੇ ਰਾਜ ਮੰਤਰੀ ਵੈਦ ਕਰਤਾਰ ਸਿੰਘ ਦੇ ਸਮੇਂ ਪਿੰਡ ਨੂੰ ਸਰਕਾਰੀ ਸਕੂਲ ਲੈਕੇ ਦਿੱਤੇ। ਵਰਨਣਯੋਗ ਹੈ ਕਿ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਲੈਕੇ ਹਾਈ ਸਕੂਲ ਬਣਾਏ ਜਾਣ ਤੱਕ, ਗ੍ਰਾਮ ਪੰਚਾਇਤ ਕੋਲ ਆਪਣੀ ਕੋਈ ਜ਼ਮੀਨ ਨਾ ਹੋਣ ਦੀ ਸੂਰਤ ਵਿੱਚ ਵੀ, ਉਹਨਾਂ ਬਾਪੂ ਜੀ ਊਧਮ ਸਿੰਘ, ਭਾਈ ਦਲੀਪ ਸਿੰਘ, ਭਾਈ ਚੈਨ ਸਿੰਘ, ਬਾਬਾ ਹਜ਼ਾਰਾ, ਬਾਬਾ ਧੰਨਾ ਦੇ ਪਰਿਵਾਰਾਂ/ ਬੱਚਿਆਂ ਨੂੰ ਪ੍ਰੇਰਕੇ ਉਹਨਾਂ ਦੀਆਂ ਅਬਾਦੀ ਵਾਲੀਆਂ ਜ਼ਮੀਨਾਂ ਪ੍ਰਾਪਤ ਕਰਕੇ ਸਕੂਲਾਂ ਨੂੰ ਆਧੁਨਿਕ ਸਹੂਲਤਾਂ ਵਾਲੀਆਂ ਵਿੱਦਿਅਕ ਸੰਸਥਾਵਾਂ ਬਨਾਉਣ ਵਿੱਚ ਪਾਏ ਵੱਡਮੁੱਲੇ ਯੋਗਦਾਨ ਨੂੰ ਪਿੰਡ ਅਤੇ ਇਲਾਕੇ ਦੇ ਲੋਕ ਕਦੀ ਵੀ ਨਹੀਂ ਵਿਸਾਰਨਗੇ। ਚੌਧਰੀ ਇੰਦਰਜੀਤ ਸਿੰਘ ਕੌਲਗੜ੍ਹ ਵਲੋਂ ਨਿਭਾਏ ਇਲਾਕੇ ਵਿੱਚ ਸਮਾਜ ਭਲਾਈ ਦੇ ਕਾਰਜਾਂ ਦੀ ਸਫਲਤਾ ਪਿੱਛੇ ਸਰਦਾਰਨੀ ਚਰਨ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਲਾਕੇ ਦੇ ਵਿਕਾਸ ਕਾਰਜਾਂ ਅਤੇ ਵਿੱਦਿਅਕ ਸੰਸਥਾਵਾਂ ਲਈ ਵਿਸ਼ੇਸ਼ ਯੋਗਦਾਨ ਪਾਉਣ ਬਦਲੇ ਉਹਨਾਂ ਨੂੰ ਸਦਾ ਯਾਦ ਕੀਤਾ ਜਾਂਦਾ ਰਹੇਗਾ। ਬੀਬੀ ਚਰਨ ਕੌਰ ਕੌਲਗੜ੍ਹ ਦਾ ਸੰਸਕਾਰ ਅੱਜ, ਜਦੋਂ ਇੱਥੇ ਪੰਜ ਜੁਲਾਈ ਹੋਵੇਗੀ (4 ਅਤੇ 5 ਜੁਲਾਈ ਦੀ ਵਿਚਕਾਰਲੀ ਰਾਤ) ਰਿਵਰ ਸਾਈਡ ਫਿਉਨਰਲ ਹੋਮ 7210, ਹੋਪਕੋਟ ਰੋਡ, ਡੈਲਟਾ ਬੀ. ਸੀ. ਕੈਨੇਡਾ ਵਿਖੇ ਦੋ ਵਜੇ ਕੀਤਾ ਜਾ ਰਿਹਾ ਹੈ। ਚੌਧਰੀ ਇੰਦਰਜੀਤ ਸਿੰਘ ਦੇ ਪਰਿਵਾਰਾਂ ਵਿਚੋਂ ਭਤੀਜੇ ਚਰਨ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਕੌਲਗੜ੍ਹ ਅਨੁਸਾਰ ਸਰਦਾਰਨੀ ਚਰਨ ਕੌਰ ਕੌਲਗੜ੍ਹ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 05 ਜੁਲਾਈ 2026 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਕੌਲਗੜ੍ਹ ਵਿਖੇ ਸਵੇਰੇ ਦਸ ਤੋਂ ਬਾਰਾਂ ਵਜੇ ਵਿਚਕਾਰ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਚੌਧਰੀ ਮੇਲਾ ਰਾਮ ਭੂੰਬਲਾ ਸਰਕਾਰੀ ਸਕੂਲ ਮਾਲੇਵਾਲ ਵਿਖੇ ਬੱਚਿਆਂ ਨੂੰ ਵਰਦੀਆਂ ਵੰਡੀਆਂ ਅਗਲੀ ਖ਼ਬਰ ਪਿੰਡ ਸੋਭੂਵਾਲ ਪਹੁੰਚਣ ’ਤੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਇੰਜੀ. ਹਿੱਤਰਾਜ ਚੌਧਰੀ ਦਾ ਭਰਵਾਂ ਸਵਾਗਤ
Ad Position 24
No active advertisement