ਜਾਡਲਾ, 5 ਜੁਲਾਈ (ਹਰਕੰਵਲ ਸਿੰਘ ਕੌਲਗੜ੍ਹ)-ਪਿੰਡ ਕੌਲਗੜ੍ਹ ਦੇ ਨਾਮਵਰ ਸਮਾਜ ਸੇਵੀ ਸਵਰਗੀ ਚੌਧਰੀ ਇੰਦਰਜੀਤ ਸਿੰਘ ਘਣਗਸ ਸਾਬਕਾ ਚੇਅਰਮੈਨ ਦੀ ਪਤਨੀ ਬੀਬੀ ਗੁਰਚਰਨ ਕੌਰ, ਜਿਹੜੇ ਬੀਤੇ ਦਿਨੀਂ ਕੈਨੇਡਾ ਵਿਖੇ ਅਕਾਲ ਚਲਾਣਾ ਕਰ ਗਏ ਸਨ, ਦੀ ਪਵਿੱਤਰ ਯਾਦ ਵਿੱਚ ਪਿੰਡ ਕੌਲਗੜ੍ਹ ਦੇ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਣ ਉਪਰੰਤ ਹੋਈ। ਇਸ ਤੋਂ ਬਾਅਦ ਹਜ਼ੂਰੀ ਰਾਗੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਉਪਰੰਤ ਅਰਦਾਸ ਕੀਤੀ ਗਈ ਅਤੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ। ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਰਿਸ਼ਤੇਦਾਰਾਂ, ਇਲਾਕੇ ਦੇ ਪਤਵੰਤਿਆਂ, ਸਮਾਜ ਸੇਵੀਆਂ, ਧਾਰਮਿਕ ਸ਼ਖ਼ਸੀਅਤਾਂ ਅਤੇ ਵੱਖ-ਵੱਖ ਰਾਜਨੀਤਿਕ ਆਗੂਆਂ ਨੇ ਸ਼ਮੂਲੀਅਤ ਕਰਕੇ ਬੀਬੀ ਚਰਨ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਪਰਿਵਾਰ ਨਾਲ ਡੂੰਘਾ ਦੁੱਖ ਸਾਂਝਾ ਕੀਤਾ। ਇਸ ਮੌਕੇ ਉੱਘੇ ਪੱਤਰਕਾਰ ਅਤੇ ਲੇਖਕ ਦੀਦਾਰ ਸਿੰਘ ਸ਼ੇਤਰਾ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸਵਰਗੀ ਚੌਧਰੀ ਇੰਦਰਜੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਗਏ ਯੋਗਦਾਨ ਨੂੰ ਹਮੇਸ਼ਾ ਸਤਿਕਾਰ ਤੇ ਮਾਣ ਨਾਲ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬੀਬੀ ਗੁਰਚਰਨ ਕੌਰ ਦਾ ਸਾਦਗੀ ਭਰਿਆ ਜੀਵਨ, ਨਿਮਰ ਸੁਭਾਅ ਤੇ ਪਰਿਵਾਰਕ ਕਦਰਾਂ-ਕੀਮਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਰਹਿਣਗੀਆਂ। ਮੁਲਾਜ਼ਮ ਆਗੂ ਬਗੀਚਾ ਸਿੰਘ ਰੱਕੜ ਨੇ ਕਿਹਾ ਕਿ ਚੌਧਰੀ ਇੰਦਰਜੀਤ ਸਿੰਘ ਵੱਲੋਂ ਵੱਖ-ਵੱਖ ਅਦਾਰਿਆਂ ਵਿੱਚ ਇਲਾਕੇ ਦੇ ਸੈਂਕੜੇ ਨੌਜਵਾਨਾਂ ਨੂੰ ਰੁਜ਼ਗਾਰ ਮੁਹਈਆ ਕਰਵਾਇਆ। ਅੰਤ ਵਿੱਚ ਸੰਗਤ ਨੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਿਆਂ ਪਰਮਾਤਮਾ ਅੱਗੇ ਪਰਿਵਾਰ ਨੂੰ ਇਹ ਅਸਹਿ ਵਿਛੋੜਾ ਸਹਿਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਚਰਨ ਸਿੰਘ ਘਣਗਸ, ਨੰਬਰਦਾਰ ਭਗਤ ਸਿੰਘ, ਹਲਵੀਰ ਸਿੰਘ ਸਾਬਕਾ ਸਰਪੰਚ, ਬਹਾਦਰ ਸਿੰਘ ਕੌਲਗੜ੍ਹ, ਕੈਪਟਨ ਦਿਲਾਵਰ ਸਿੰਘ, ਹਰਪ੍ਰੀਤ ਸਿੰਘ ਫਲੋਰਾ, ਪਰਮਜੀਤ ਸਿੰਘ ਪੰਮਾ, ਸੁਖਵਿੰਦਰ ਸਿੰਘ ਘਣਗਸ, ਗੁਰਵਿੰਦਰ ਸਿੰਘ ਨੈਬੀ, ਹਰਭਜਨ ਸਿੰਘ ਸ਼ੇਤਰਾ, ਗੁਰਪਾਲ ਸਿੰਘ ਫੌਜ਼ੀ, ਕਰਨੈਲ ਸਿੰਘ ਫੌਜ਼ੀ ਤੇ ਦੀਦਾਰ ਸਿੰਘ ਫੌਜ਼ੀ ਹਾਜ਼ਰ ਸਨ।