ਬਲਾਚੌਰ, 5 ਜੁਲਾਈ (ਨਰੇਸ਼ ਧੌਲ)-ਸਨਾਤਨ ਧਰਮ ਸਭਾ ਬਲਾਚੌਰ ਦੀ ਇੱਕ ਮਹੱਤਵਪੂਰਨ ਬੈਠਕ ਬਾਬਾ ਵਿਸ਼ਵਕਰਮਾ ਮੰਦਰ ਬਲਾਚੌਰ ਵਿਖੇ ਸੁਰਿੰਦਰ ਪਨੇਸਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਬੈਠਕ ਦੀ ਸ਼ੁਰੂਆਤ ਗਾਇਤ੍ਰੀ ਮੰਤਰ ਨਾਲ ਕੀਤੀ ਗਈ। ਸਭਾ ਦੇ ਜਨਰਲ ਸਕੱਤਰ ਗਗਨਦੀਪ ਸਿੰਘ ਨੇ ਬੈਠਕ ਦੇ ਅਜੰਡੇ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੀ ਬੈਠਕ ਵਿੱਚ ਹੋਏ ਫੈਸਲੇ ਮੁਤਾਬਿਕ 14 ਅਗਸਤ 2026 ਨੂੰ ਸ਼ਹਿਰ ਵਿੱਚ ਭਾਰਤ ਮਾਤਾ ਦੇ ਅਨਮੋਲ ਰਤਨ ਨਾਂਅ ’ਤੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਰਾਣਾ ਰਣਦੀਪ ਕੌਸ਼ਲ ਨੇ ਸ਼ੋਭਾ ਯਾਤਰਾ ਦੇ ਪ੍ਰਬੰਧਾਂ ਸਬੰਧੀ ਗੱਲ ਕਰਦਿਆਂ ਹੋਇਆਂ ਦੱਸਿਆ ਕਿ ਦੇਸ ਰਾਜ ਸ਼ਰਮਾ ਵਿੱਦਿਆ ਭਾਰਤੀ ਅਖਿਲ ਭਾਰਤੀ ਸ਼ਿਕਸ਼ਾ ਸੰਸਥਾਨ ਦੇ ਜਨਰਲ ਸਕੱਤਰ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਣਗੇ। ਪਰਮਜੀਤ ਰੱਤੇਵਾਲੀਆ ਨੇ ਸਭ ਤੋਂ ਪਹਿਲਾਂ ਸਤਿਗੁਰੂ ਕਰੀਬ ਮਹਾਰਾਜ ਦੀ ਜੰਯਤੀ ਦੇ ਸਬੰਧ ਵਿੱਚ ਹੋਏ ਸਫਲ ਪ੍ਰੋਗਰਾਮ ਦੀ ਸਾਰੇ ਹੀ ਮੈਂਬਰਾਂ ਨੂੰ ਵਧਾਈ ਦਿੱਤੀ। ਜਸਵਿੰਦਰ ਸੋਢੀ ਅਤੇ ਮਹਿੰਦਰ ਪਾਲ ਉਧਨਵਾਲ ਦਾ ਸਨਾਤਨ ਧਰਮ ਸਭਾ ਦੇ ਮੈਂਬਰ ਬਣਨ ਤੇ ਸਰਪ੍ਰਸਤ ਜਗਦੀਸ਼ ਕਪਿਲ ਅਤੇ ਪ੍ਰਧਾਨ ਸੁਰਿੰਦਰ ਪਨੇਸਰ ਨੇ ਸਵਾਗਤ ਕੀਤਾ। ਸ਼ੋਭਾ ਯਾਤਰਾ ਬਾਰੇ ਗੱਲਬਾਤ ਕਰਦਿਆਂ ਹੋਇਆਂ ਪਰਮਜੀਤ ਰੱਤੇਵਾਲੀਆ ਨੇ ਕਿਹਾ ਕਿ ਇਹ ਸ਼ੋਭਾ ਯਾਤਰਾ ਉਨ੍ਹਾਂ ਦੇਸ਼ ਦੇ ਮਹਾਨ ਨਾਇਕਾਂ ਨੂੰ ਸਮਰਪਿਤ ਹੋਵੇਗੀ ਜਿਨ੍ਹਾਂ ਦੀ ਕੁਰਬਾਨੀ ਸਦਕਾ ਅੱਜ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ। ਸ਼ੋਭਾ ਯਾਤਰਾ ਦਾ ਸ਼ੁੱਭ ਆਰੰਭ ਮਹਾਂਦੇਵ ਬ੍ਰਹਮਚਾਰੀ ਮੰਦਿਰ ਗਹੂੰਣ ਰੋਡ ਤੋਂ ਸਵੇਰੇ 9 ਵਜੇ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸ਼ੋਭਾ ਯਾਤਰਾ ਵਿੱਚ 1500 ਦੇ ਲੱਗਪਗ ਸਨਾਤਨ ਪ੍ਰੇਮੀ ਦੇਸ਼ ਭਗਤ ਹਿੱਸਾ ਲੈਣਗੇ। ਇਸ ਸ਼ੁੱਭ ਦਿਹਾੜੇ ’ਤੇ ਹਲਕਾ ਬਲਾਚੌਰ ਵਿੱਚ ਆਉਣ ਵਾਲੀਆਂ ਪੰਚਾਇਤਾਂ ਅਤੇ ਸੰਤਾਂ-ਮਹਾਂਪੁਰਸ਼ਾਂ ਨੂੰ ਵਿਸ਼ੇਸ਼ ਰੂਪ ’ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹਲਕੇ ਦੀਆਂ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਜਥੇਬੰਦੀਆਂ ਨੂੰ ਵੀ ਖੁੱਲਾ ਸੱਦਾ ਦਿੱਤਾ ਜਾਵੇਗਾ। ਹਲਕੇ ਵਿੱਚ ਆਉਣ ਵਾਲੇ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਦੇ ਮੁੱਖੀਆਂ ਨੂੰ ਵੀ ਬੇਨਤੀ ਕੀਤੀ ਜਾਵੇਗੀ ਕਿ ਉਹ ਵੀ ਇਸ ਰਾਸ਼ਟਰੀ ਸਮਾਗਮ ਵਿੱਚ ਆਪਣਾ ਯੋਗਦਾਨ ਪਾਉਣ। ਸ਼ੋਭਾ ਯਾਤਰਾ ਦੀ ਸਮਾਪਤੀ ‘ਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਇਸ ਸ਼ੋਭਾ ਯਾਤਰਾ ਦੇ ਸਾਰੇ ਪ੍ਰਬੰਧਾਂ ਲਈ ਤਿੰਨ ਮੈਂਬਰਾਂ ਪਰਮਜੀਤ ਰੱਤੇਵਾਲੀਆ, ਰਣਦੀਪ ਕੌਸ਼ਲ, ਰਾਜੀਵ ਆਨੰਦ ਆਦਿ ਨੂੰ ਨਿਯੁਕਤ ਕੀਤਾ ਗਿਆ। ਇਸ ਮੌਕੇ ਪ੍ਰਦੀਪ ਰਾਣਾ, ਪ੍ਰਦੀਪ ਨਾਗਪਾਲ, ਬਲਵੰਤ ਕਿਸ਼ੋਰ, ਸੋਮ ਨਾਥ ਤੱਕਲਾ, ਹੀਰਾ ਲਾਲ ਸੋਨੀ ਅਤੇ ਹੋਰ ਵੱਖ-ਵੱਖ ਸ਼ਖਸ਼ੀਅਤਾਂ ਹਾਜ਼ਰ ਸਨ।