ਚੰਡੀਗੜ੍ਹ, 5 ਜੁਲਾਈ (ਸੰਦੀਪ ਕੁਮਾਰ ਮਾਹਨਾ):ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਤੇ ਨਸ਼ਿਆਂ ਵਰਗੀ ਸਮਾਜਿਕ ਬੁਰਾਈ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਚੰਡੀਗੜ੍ਹ ਭਾਰਤੀ ਜਨਤਾ ਪਾਰਟੀ ਦੇ ਵਾਰਡ ਨੰਬਰ 3 ਮੰਡਲ ਵਲੋਂ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਜਨਮ ਦਿਵਸ ਮੌਕੇ ਸੈਕਟਰ-26 ਸਥਿਤ ਬਾਪੂ ਧਾਮ ਕਾਲੋਨੀ ਦੇ ਦੁਸ਼ਹਿਰਾ ਗਰਾਊਂਡ ਵਿਖੇ ਸਾਫਟ ਲੈਦਰ ਗਲੀ ਕ੍ਰਿਕਟ ਟੂਰਨਾਮੈਂਟ ਕਰਵਾਇਆ। ਟੂਰਨਾਮੈਂਟ ਦੌਰਾਨ ਭਾਜਪਾ ਆਗੂਆਂ ਨੇ ‘ਨਸ਼ਾ ਛੱਡੋ, ਖੇਡਾਂ ਨਾਲ ਜੁੜੋ’ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਸਿਹਤਮੰਦ ਤੇ ਨਸ਼ਾ ਮੁਕਤ ਨੌਜਵਾਨ ਹੀ ਮਜ਼ਬੂਤ ਰਾਸ਼ਟਰ ਦੀ ਅਸਲ ਤਾਕਤ ਹਨ। ਟੂਰਨਾਮੈਂਟ ਭਾਜਪਾ ਵਾਰਡ ਨੰਬਰ 3 ਦੇ ਮੰਡਲ ਪ੍ਰਧਾਨ ਵਰਿੰਦਰ ਜੇ.ਡੀ. ਦੀ ਅਗਵਾਈ ਅਤੇ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰਤਨ ਸਿੰਘ ਦੀ ਦੇਖ-ਰੇਖ ਹੇਠ ਕਰਵਾਇਆ, ਇਸ ਦਾ ਉਦਘਾਟਨ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਸੂਬਾ ਪ੍ਰਧਾਨ ਅਮਿਤ ਖੈਰਵਾਲ, ਮੰਡਲ ਪ੍ਰਭਾਰੀ ਅਨੂਪ ਪਵਾਰ ਤੇ ਮੰਡਲ ਪ੍ਰਧਾਨ ਪਰਮਿੰਦਰ ਸਿੰਘ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਕੇ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇ ਕੇ ਕੀਤਾ। ਮੁਕਾਬਲੇ ਦੌਰਾਨ ਖਿਡਾਰੀਆਂ ਨੇ ਅਨੁਸ਼ਾਸਨ, ਖੇਡ ਭਾਵਨਾ ਤੇ ਸ਼ਾਨਦਾਰ ਪ੍ਰਦਰਸ਼ਨ ਦਾ ਮੁਜ਼ਾਹਰਾ ਕੀਤਾ। ਰੋਮਾਂਚਕ ਫਾਈਨਲ ਮੁਕਾਬਲੇ ਵਿਚ ਡਿਫੈਂਡਰ ਟੀਮ ਨੇ ਸਾਈਂ ਕ੍ਰਿਕਟ ਕਲੱਬ ਨੂੰ ਹਰਾ ਕੇ ਖਿਤਾਬ ਆਪਣੇ ਨਾਂਅ ਕੀਤਾ, ਜਦਕਿ ਸਾਈਂ ਕ੍ਰਿਕਟ ਕਲੱਬ ਉਪ ਜੇਤੂ ਰਿਹਾ। ਸਮਾਪਤੀ ਸਮਾਗਮ ਦੌਰਾਨ ਭਾਜਪਾ ਰਾਣੀ ਲਕਸ਼ਮੀਬਾਈ ਜ਼ਿਲ੍ਹਾ ਦੇ ਜ਼ਿਲ੍ਹਾ ਜਨਰਲ ਸਕੱਤਰ ਸਤਬੀਰ ਠਾਕੁਰ ਨੇ ਜੇਤੂ ਤੇ ਉਪ ਜੇਤੂ ਟੀਮਾਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਅਤੇ ਖਿਡਾਰੀਆਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਵਰਿੰਦਰ ਜੇ. ਡੀ. ਨੇ ਕਿਹਾ ਕਿ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਜੀਵਨ ਦੇਸ਼ ਦੀ ਏਕਤਾ, ਅਖੰਡਤਾ ਤੇ ਭਾਰਤੀ ਸੰਸਕ੍ਰਿਤੀ ਦੀ ਰੱਖਿਆ ਲਈ ਸਮਰਪਿਤ ਰਿਹਾ ਹੈ। ਉਨ੍ਹਾਂ ਦਾ ਜੀਵਨ ਅਤੇ ਬਲਿਦਾਨ ਹਰ ਪੀੜ੍ਹੀ ਲਈ ਪ੍ਰੇਰਣਾਦਾਇਕ ਹੈ। ਸਮਾਗਮ ਦੇ ਆਖ਼ਰ ਵਿਚ ਵਰਿੰਦਰ ਜੇ. ਡੀ. ਨੇ ਮੁੱਖ ਮਹਿਮਾਨਾਂ, ਖਿਡਾਰੀਆਂ, ਸਥਾਨਕ ਵਸਨੀਕਾਂ, ਭਾਜਪਾ ਅਹੁਦੇਦਾਰਾਂ, ਵਰਕਰਾਂ ਤੇ ਟੂਰਨਾਮੈਂਟ ਨੂੰ ਸਫਲ ਬਣਾਉਣ ਵਾਲੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿਚ ਵੀ ਵਾਰਡ ਨੰਬਰ 3 ਵਿਚ ਅਜਿਹੇ ਸਮਾਜਿਕ, ਸੱਭਿਆਚਾਰਕ ਅਤੇ ਖੇਡ ਸਮਾਗਮ ਲਗਾਤਾਰ ਕਰਵਾਏ ਜਾਣਗੇ।
ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਚੰਡੀਗੜ੍ਹ ਭਾਜਪਾ ਦੀ ਪਹਿਲ, ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਜਨਮ ਦਿਵਸ ’ਤੇ ਕਰਵਾਇਆ ਕ੍ਰਿਕਟ ਟੂਰਨਾਮੈਂਟ
ਅਜੀਤ ਡੈਸਕ
06-07-2026