ਨਵਾਂਸ਼ਹਿਰ ’ਚ ਅੰਤਰਰਾਸ਼ਟਰੀ ਬਾਲੜੀ ਦਿਵਸ ਤਹਿਤ ਕਾਨੂੰਨੀ ਜਾਗਰੂਕਤਾ ਸੈਮੀਨਾਰ ਕਰਵਾਇਆ
ਨਵਾਂਸ਼ਹਿਰ, 11 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ.
ਨਵਾਂਸ਼ਹਿਰ, 11 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ. ਨਗਰ ਦੀਆਂ ਹਦਾਇਤਾਂ ਤਹਿਤ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਸ਼ਹੀਦ ਭਗਤ ਸਿੰਘ ਨਗਰ ਜਤਿੰਦਰ ਪਾਲ ਸਿੰਘ ਖੁਰਮੀ ਤੇ ਸਿਵਲ ਜੱਜ (ਸੀਨੀਅਰ ਡੀਵੀਜ਼ਨ)/ ਸੀ. ਜੇ . ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਸ਼ਹੀਦ ਭਗਤ ਸਿੰਘ ਨਗਰ ਡਾ. ਅਮਨਦੀਪ ਦੇ ਨਿਰਦੇਸ਼ਾਂ ਤਹਿਤ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਭਾਈ ਸੰਗਤ ਸਿੰਘ ਕਾਲਜ ਬੰਗਾ ਵਿਖੇ ਅੰਤਰਰਾਸ਼ਟਰੀ ਬਾਲੜੀ ਦਿਵਸ ਤਹਿਤ ਕਾਨੂੰਨੀ ਜਾਗਰੂਕਤਾ ਸੈਮੀਨਾਰ ਕਰਵਾਇਆ। ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਪੈਰਾ ਲੀਗਲ ਵਲੰਟੀਅਰਜ਼ ਅਵਤਾਰ ਚੰਦ ਚੁੰਬਰ, ਜਸਵਿੰਦਰ ਕੌਰ ਰਾਣੀ, ਜੋਗਾ ਸਿੰਘ ਤੇ ਰਵਜੋਤ ਸਿੰਘ ਚੁੰਬਰ ਵਲੋਂ ਦੱਸਿਆ ਗਿਆ ਕਿ ਇਸ ਸੈਮੀਨਾਰ ਦਾ ਮੁੱਖ ਉਦੇਸ਼ ਸਮਾਜ ਵਿਚ ਲੜਕੀਆਂ ਦੇ ਅਧਿਕਾਰਾਂ ਦੀ ਰਾਖੀ, ਧੀਆਂ ਦੀ ਸੁਰੱਖਿਆ ਕਾਨੂੰਨਾਂ ਬਾਰੇ ਜਾਗਰੂਕ ਕਰਨਾ ਸੀ। ਪੈਰਾ ਲੀਗਲ ਵਲੰਟੀਅਰਜ਼ ਨੇ ਕਿਹਾ ਕਿ ਸਮਾਜ ਵਿਚ ਧੀਆਂ ਲਈ ਇੱਕ ਸੁਰੱਖਿਅਤ ਤੇ ਸਨਮਾਨਜਨਕ ਮਾਹੌਲ ਸਿਰਜਣ ਦੀ ਲੋੜ ਹੈ। ਲੜਕੀਆਂ ਨੂੰ ਮਿਆਰੀ ਸਿੱਖਿਆ ਤੇ ਬਰਾਬਰ ਦੇ ਅਧਿਕਾਰ ਦੇ ਕੇ ਹੀ ਦੇਸ਼ ਦਾ ਉੱਜਵਲ ਭਵਿੱਖ ਯਕੀਨੀ ਬਣਾਇਆ ਜਾ ਸਕਦਾ ਹੈ। ‘ਧੀ ਬਚਾਓ, ਧੀ ਪੜ੍ਹਾਓ’ ਦੇ ਨਾਅਰੇ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਅਤੇ ਲਿੰਗ ਅਧਾਰਤ ਅਸਮਾਨਤਾ ਨੂੰ ਖ਼ਤਮ ਕਰਨ ’ਤੇ ਜ਼ੋਰ ਦਿੱਤਾ। ਸੈਮੀਨਾਰ ਦੌਰਾਨ ਦੱਸਿਆ ਗਿਆ ਕਿ ਸਮਾਜ ਦਾ ਕੋਈ ਵੀ ਲੋੜਵੰਦ ਨਾਗਰਿਕ ਮੁਫ਼ਤ ਕਾਨੂੰਨੀ ਸਹਾਇਤਾ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਦਫ਼ਤਰ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਸਮਾਜਿਕ ਬੁਰਾਈਆਂ ਤੇ ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਅਤੇ ਧੀਆਂ ਨੂੰ ਉੱਡਣ ਲਈ ਖੁੱਲ੍ਹਾ ਆਸਮਾਨ ਦੇਣ ਦਾ ਪ੍ਰਣ ਲਿਆ, ਤਾਂ ਜੋ ਇਕ ਤੰਦਰੁਸਤ ਤੇ ਬਰਾਬਰਤਾ ਵਾਲੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।