ਖੇਤੀਬਾੜੀ ਵਿਭਾਗ 'ਚ ਭਿ੍ਸ਼ਟਾਚਾਰ ਤੇ ਨਕਲੀ ਖਾਦਾਂ ਦੇ ਮੁੱਦੇ 'ਤੇ ਕਿਸਾਨ ਵਫ਼ਦ ਨੇ ਖੇਤੀਬਾੜੀ ਸਕੱਤਰ ਨਾਲ ਕੀਤੀ ਬੈਠਕ
ਅਜੀਤ ਡੈਸਕ
05-02-2026
ਵਫ਼ਦ ਨੇ ਕਿਹਾ ਕਿ ਦੋ ਨਿੱਜੀ ਫੈਕਟਰੀਆਂ ਨਾਲ ਮਿਲੀਭੁਗਤ ਕਰਕੇ ਹਜ਼ਾਰਾਂ ਮੀਟਰਕ ਟਨ ਘਟੀਆ ਡੀ.ਏ.ਪੀ. ਖਾਦ ਸੋਸਾਇਟੀਆਂ ਨੂੰ ਸਪਲਾਈ ਕੀਤੀ ਗਈ ਹੈ | ਬਹਿਰੂ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਆਦੇਸ਼ਾਂ 'ਤੇ ਜਦੋਂ ਜਾਂਚ ਕੀਤੀ ਗਈ ਤਾਂ ਭਰੇ ਗਏ 40 ਸੈਂਪਲਾਂ ਵਿੱਚੋਂ 25 ਸੈਂਪਲ ਫੇਲ੍ਹ ਪਾਏ ਗਏ | ਕਿਸਾਨਾਂ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀ ਇਨ੍ਹਾਂ ਫੇਲ੍ਹ ਹੋਏ ਸੈਂਪਲਾਂ ਦੇ ਤੱਥਾਂ ਨੂੰ ਕਿਸਾਨਾਂ ਤੋਂ ਛੁਪਾ ਕੇ ਰੱਖ ਰਹੇ ਹਨ ਤਾਂ ਜੋ ਦੋਸ਼ੀਆਂ ਨੂੰ ਬਚਾਇਆ ਜਾ ਸਕੇ | ਕਿਸਾਨ ਵਫ਼ਦ ਨੇ ਸਕੱਤਰ ਨੂੰ ਦੋ ਲਿਖਤੀ ਮੈਮੋਰੈਂਡਮ ਸੌਂਪੇ, ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਹੇਠ ਲਿਖੀਆਂ ਮੰਗਾਂ ਰੱਖੀਆਂ ਗਈਆਂ ਜਿਨ੍ਹਾਂ ਵਿੱਚ ਖਾਦਾਂ, ਕੀਟਨਾਸ਼ਕਾਂ ਅਤੇ ਬੀਜਾਂ ਦੀ ਸ਼ੁੱਧਤਾ ਯਕੀਨੀ ਬਣਾਉਣ ਲਈ 'ਚਲਦੀਆਂ-ਫਿਰਦੀਆਂ' ਮੋਬਾਈਲ ਲੈਬਾਟਰੀਆਂ ਕਾਇਮ ਕੀਤੀਆਂ ਜਾਣ, ਘਟੀਆ ਖਾਦ ਸਪਲਾਈ ਕਰਨ ਵਾਲੇ ਅਧਿਕਾਰੀਆਂ ਅਤੇ ਫੈਕਟਰੀ ਮਾਲਕਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ | ਖੇਤੀਬਾੜੀ ਸਕੱਤਰ ਅਰਸ਼ਦੀਪ ਸਿੰਘ ਥਿੰਦ ਨੇ ਕਿਸਾਨ ਜਥੇਬੰਦੀ ਵੱਲੋਂ ਕੀਤੀ ਗਈ ਇਸ ਪੈਰਵਾਈ ਦੀ ਸ਼ਲਾਘਾ ਕਰਦਿਆਂ ਭਰੋਸਾ ਦਿਵਾਇਆ ਕਿ ਕਾਨੂੰਨ ਤੋਂ ਉੱਪਰ ਕੋਈ ਨਹੀਂ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵੇਂ ਮਸਲਿਆਂ ਦੀ ਗੰਭੀਰਤਾ ਨਾਲ ਨਿਰਪੱਖ ਜਾਂਚ ਕਰਵਾਈ ਜਾਵੇਗੀ ਅਤੇ ਰਿਪੋਰਟ ਜਲਦੀ ਹੀ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿਚ ਲਿਆਂਦੀ ਜਾਵੇਗੀ | ਇਸ ਮੌਕੇ ਹਰਿੰਦਰ ਸਿੰਘ ਨੰਡਿਆਲੀ, ਗੁਰਮੇਲ ਸਿੰਘ ਬੋਸਰ, ਬਲਿਹਾਰ ਸਿੰਘ ਰੁੜਕੀ, ਹਰਦੇਵ ਸਿੰਘ ਗਿੱਲ, ਮੇਜਰ ਸਿੰਘ ਧਰਮਕੋਟ, ਕੁਲਦੀਪ ਸਿੰਘ ਫਤਿਆਬਾਦ, ਸਤਨਾਮ ਸਿੰਘ ਸੰਧੂ ਅਤੇ ਰਣਜੀਤ ਸਿੰਘ ਆਕੜ ਵ ਮੌਜੂਦ ਸਨ |