ਖਮਾਣੋਂ, 4 ਫਰਵਰੀ (ਜੋਗਿੰਦਰ ਪਾਲ)-ਸੀਨੀਅਰ ਕਾਂਗਰਸੀ ਆਗੂ ਹਰਬੰਸ ਸਿੰਘ ਪੰਧੇਰ ਪ੍ਰਧਾਨ ਮਾਲਵਾ ਸੱਭਿਆਚਾਰ ਕਲੱਬ ਖਮਾਣੋਂ ਨੇ ਪੈੱ੍ਰਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਡਾ ਦੇਸ਼ ਖ਼ਾਸ ਕਰ ਪੰਜਾਬ ਮੁੱਢ ਕਦੀਮ ਤੋਂ ਹੀ ਗੁਰੂਆਂ, ਪੀਰਾਂ, ਯੋਗੀਆਂ, ਨਾਥਾਂ ਦੀ ਪ੍ਰੰਪਰਾ ਨੂੰ ਪ੍ਰਣਾਇਆ ਰਿਹਾ ਹੈ | ਜਿਸ ਦੀ ਬਦੌਲਤ ਇੱਥੇ ਬਹੁਤ ਵੱਡੀ ਗਿਣਤੀ ਵਿਚ ਧਾਰਮਿਕ ਡੇਰੇ ਹੋਂਦ ਵਿਚ ਆਏ, ਜਿੱਥੋਂ ਆਮ ਜਨ ਮਾਨਸ ਆਪਣੇ ਮਨ ਦਾ ਸਕੂਨ ਤੇ ਆਪਣੀਆਂ ਘਰੇਲੂ ਸਮੱਸਿਆਵਾਂ ਦਾ ਹੱਲ ਭਾਲਦਾ ਹੈ | ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਇਨ੍ਹਾਂ ਧਾਰਮਿਕ ਡੇਰਿਆਂ ਤੋਂ ਸਮਾਜ ਲਈ ਸਾਂਝੀਵਾਲਤਾ, ਸਦਭਾਵਨਾ ਤੇ ਆਪਸੀ ਪਿਆਰ ਦਾ ਸੰਦੇਸ਼ ਜਾਂਦਾ ਹੈ, ਜੋ ਕਿਸੇ ਵੀ ਸਮਾਜ ਦੀ ਨਿੱਗਰ ਬਣਤਰ 'ਚ ਸਹਾਈ ਹੁੰਦਾ ਹੈ | ਪਰ ਪਿਛਲੇ ਕੁਝ ਅਰਸੇ ਤੋਂ ਅਸੀਂ ਦੇਖ ਰਹੇ ਹਾਂ ਕਿ ਸਾਡੀ ਸਿਆਸਤ ਕਈ ਧਾਰਮਿਕ ਸਥਾਨਾਂ ਨੂੰ ਆਪੋ ਆਪਣੇ ਵੋਟ ਬੈਂਕ ਦੇ ਤੌਰ 'ਤੇ ਵਰਤਣ ਦੀ ਕੋਸ਼ਿਸ਼ 'ਚ ਲੱਗੀ ਹੋਈ ਹੈ, ਜੋ ਕਿ ਲੋਕਤੰਤਰ ਦੀ ਮੂਲ-ਭਾਵਨਾ ਦੇ ਤਾਂ ਖ਼ਿਲਾਫ਼ ਹੈ ਹੀ, ਨਾਲ ਦੀ ਨਾਲ ਇਨ੍ਹਾਂ ਸਥਾਨਾਂ ਨਾਲ ਜੁੜੇ ਲੋਕਾਂ ਨੂੰ ਵੀ ਭਟਕਣ ਦੇ ਆਲਮ ਵਿਚ ਧੱਕ ਰਹੀ ਹੈ ਜੋ ਕਿ ਉੱਥੋਂ ਸ਼ਾਂਤੀ ਅਤੇ ਸਕੂਨ ਭਾਲਣ ਜਾਂਦੇ ਹਨ | ਪੰਧੇਰ ਨੇ ਕਿਹਾ ਕਿ ਇਹ ਸਮਾਂ ਸਾਡੇ ਸਾਰਿਆਂ ਲਈ ਬਹੁਤ ਹੀ ਸੁਚੇਤ ਹੋ ਕੇ ਆਪਣੇ ਸਮਾਜ ਦੀ ਇਕਜੱੁਟਤਾ ਅਤੇ ਇਕਮੁੱਠਤਾ ਨੂੰ ਬਣਾਈ ਰੱਖਣ ਦਾ ਹੈ, ਉੱਥੇ ਹੀ ਸਾਡੇ ਸਿਆਸੀ ਆਗੂਆਂ ਨੂੰ ਵੀ ਧਾਰਮਿਕ ਡੇਰਿਆਂ 'ਤੇ ਸਿਆਸਤ ਕਰਨ ਦੀ ਜਗ੍ਹਾ ਚੰਗੀਆਂ ਆਰਥਿਕ, ਅਕਾਦਮਿਕ, ਸਿਹਤ ਤੇ ਰੁਜ਼ਗਾਰ ਮੁਖੀ ਨੀਤੀਆਂ ਦੇ ਸਿਰ 'ਤੇ ਸਿਆਸਤ ਕਰਕੇ ਚੰਗੇ ਨੇਤਾ ਹੀ ਨਹੀਂ ਸਗੋਂ ਸਟੇਟਸਮੈਨ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ |