ਫ਼ਤਹਿਗੜ੍ਹ ਸਾਹਿਬ, 26 ਫਰਵਰੀ (ਬਲਜਿੰਦਰ ਸਿੰਘ)-ਸਾਲ 2015 ਵਿਚ 7 ਸਾਲ ਦੀ ਲਾਪਤਾ ਹੋਈ ਇਕ ਬੱਚੀ ਨੂੰ ਜ਼ਿਲ੍ਹਾ ਬਾਲ ਭਲਾਈ ਕਮੇਟੀ ਫ਼ਤਹਿਗੜ੍ਹ ਸਾਹਿਬ ਨੇ ਅੱਜ ਕਮੇਟੀ ਮੈਂਬਰਾਂ ਦੀ ਮੌਜੂਦਗੀ ਵਿਚ ਉਸ ਦੇ ਵਾਰਿਸਾਂ ਹਵਾਲੇ ਕਰ ਦਿੱਤਾ ਹੈ | ਸਾਲਾਂ ਬਾਅਦ ਮਿਲੀ ਬੱਚੀ ਨੂੰ ਦੇਖ ਕੇ ਉਸਦੀ ਮਾਂ ਦੇ ਹੰਝੂ ਨਹੀਂ ਰੁਕ ਰਹੇ ਸਨ ਅਤੇ ਮਾਂ-ਧੀ ਦੇ ਮਿਲਾਪ ਦੌਰਾਨ ਕਮੇਟੀ ਮੈਂਬਰਾਂ ਅਤੇ ਮੌਕੇ 'ਤੇ ਮੌਜੂਦ ਲੋਕਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ | ਲਗਪਗ 11 ਸਾਲਾਂ ਬਾਅਦ ਬੱਚੀ ਦੇ ਪਰਿਵਾਰ ਨੂੰ ਲੱਭਣ ਦਾ ਸਿਹਰਾ ਪੰਚਕੂਲਾ ਵਿਚ ਤਾਇਨਾਤ ਥਾਣੇਦਾਰ ਰਾਜੇਸ਼ ਕੁਮਾਰ ਨੂੰ ਜਾਂਦਾ ਹੈ, ਜਿਸ ਨੇ ਬੱਚੀ ਦੀ ਫ਼ੋਟੋ ਤੇ ਵੀਡੀਓ ਵਾਇਰਲ ਕੀਤੀ ਸੀ ਅਤੇ ਬੱਚੀ ਦੇ ਇਕ ਰਿਸ਼ਤੇਦਾਰ ਨੇ ਉਸ ਦੀ ਪਛਾਣ ਕੀਤੀ ਸੀ | ਜ਼ਿਲ੍ਹਾ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਐਡਵੋਕੇਟ ਅਨਿਲ ਗੁਪਤਾ ਅਤੇ ਲੜਕੀ ਦੀ ਮਾਂ ਸ਼ਾਂਤੀ ਦੇਵੀ ਨੇ ਦੱਸਿਆ ਕਿ ਬਿਹਾਰ ਦੇ ਦਰਭੰਗਾ ਜ਼ਿਲ੍ਹਾ ਦੇ ਗਗਤੀ ਪਿੰਡ ਦੀ ਰਹਿਣ ਵਾਲੀ ਰੂਪਾ ਆਪਣੇ ਮਾਪਿਆਂ ਤੇ ਭਰਾਵਾਂ ਨਾਲ ਕੰਮ ਲਈ ਦਿੱਲੀ ਆਈ ਸੀ | ਉਹ ਸਿੰਧੂ ਰੋਡ 'ਤੇ ਭਰੋਤਾ ਪਿੰਡ ਵਿਚ ਵਸ ਗਏ ਸਨ | 2015 ਵਿਚ ਉਹ ਖੇਡਣ ਲਈ ਬਾਹਰ ਗਈ ਅਤੇ ਲਾਪਤਾ ਹੋ ਗਈ, ਜਿਸ ਦੀ ਭਾਲ ਸ਼ੁਰੂ ਹੋ ਗਈ | ਹਾਲਾਂਕਿ ਜਦੋਂ ਉਹ ਨਹੀਂ ਮਿਲੀ, ਤਾਂ 7 ਮਈ 2015 ਨੂੰ ਕੁੰਡਲੀ ਪੁਲਿਸ ਸਟੇਸ਼ਨ ਵਿਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ | ਚੇਅਰਮੈਨ ਅਨਿਲ ਨੇ ਦੱਸਿਆ ਕਿ 1 ਮਈ 2016 ਨੂੰ ਸਰਹਿੰਦ ਰੇਲਵੇ ਪੁਲਿਸ ਨੇ ਲੜਕੀ ਨੂੰ ਲੱਭ ਲਿਆ ਅਤੇ ਉਸ ਨੰੂ ਜ਼ਿਲ੍ਹਾ ਬਾਲ ਭਲਾਈ ਕਮੇਟੀ ਦੇ ਹਵਾਲੇ ਕਰ ਦਿੱਤਾ | ਕਾਉਂਸਲਿੰਗ ਦੌਰਾਨ ਲੜਕੀ ਨੇ ਆਪਣਾ ਨਾਮ ਅਤੇ ਆਪਣੇ ਮਾਪਿਆਂ ਦਾ ਨਾਮ ਦੱਸਿਆ ਪਰ ਬਿਹਾਰ ਵਿਚ ਆਪਣੇ ਪਿੰਡ ਜਾਂ ਜ਼ਿਲ੍ਹੇ ਦਾ ਨਾਮ ਨਹੀਂ ਦੱਸ ਸਕੀ | ਉਸ ਨੇ ਸਿਰਫ਼ ਇਹ ਦੱਸਿਆ ਕਿ ਉਹ ਬਿਹਾਰ ਤੋਂ ਹੈ | ਬਾਲ ਭਲਾਈ ਕਮੇਟੀ ਨੇ ਬਿਹਾਰ ਕਮੇਟੀ ਨਾਲ ਸੰਪਰਕ ਕੀਤਾ, ਪਰ ਕਿਉਂਕਿ ਉਹ ਉਸ ਨੰੂ ਨਹੀਂ ਲੱਭ ਸਕੇ, ਕਮੇਟੀ ਨੇ ਲੜਕੀ ਨੂੰ ਪਟਿਆਲਾ ਦੇ ਬਾਲ ਨਿਕੇਤਨ ਹੋਮ ਭੇਜ ਦਿੱਤਾ, ਜਿੱਥੇ ਉਸ ਨੇ ਸਿੱਖਿਆ ਪ੍ਰਾਪਤ ਕੀਤੀ | ਚੇਅਰਮੈਨ ਨੇ ਦੱਸਿਆ ਕਿ ਲਗਪਗ ਇਕ ਮਹੀਨਾ ਪਹਿਲਾਂ ਜਦੋਂ ਲੜਕੀ ਨੇ ਬਾਲ ਨਿਕੇਤਨ ਵਿਚ ਦਿਲਚਸਪੀ ਦਿਖਾਈ, ਤਾਂ ਕਮੇਟੀ ਨੇ ਉਸ ਨੰੂ ਜਲੰਧਰ ਦੇ ਗਾਂਧੀ ਵਨਿਤਾ ਆਸ਼ਰਮ ਭੇਜ ਦਿੱਤਾ | ਚੇਅਰਮੈਨ ਅਨਿਲ ਗੁਪਤਾ ਨੇ ਦੱਸਿਆ ਕਿ ਸਤੰਬਰ 2025 ਵਿਚ ਉਨ੍ਹਾਂ ਨਾਲ ਪੰਚਕੂਲਾ ਦੇ ਥਾਣੇਦਾਰ ਰਾਜੇਸ਼ ਕੁਮਾਰ ਨੇ ਸੰਪਰਕ ਕੀਤਾ, ਜੋ ਵੱਡੀ ਗਿਣਤੀ ਵਿਚ ਗੁੰਮ ਹੋਏ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾ ਚੁੱਕੇ ਹਨ | ਉਨ੍ਹਾਂ ਨੇ ਲੜਕੀ ਦੀ ਪੂਰੀ ਜਾਣਕਾਰੀ, ਉਸ ਦੇ ਦਸਤਾਵੇਜ਼, ਬਚਪਨ ਅਤੇ ਮੌਜੂਦਾ ਫ਼ੋਟੋਆਂ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਸਾਂਝੀਆਂ ਕੀਤੀਆਂ | ਇਸ ਤੋਂ ਬਾਅਦ ਉਕਤ ਬੱਚੀ ਦੀ ਮਾਸੀ ਦੀ ਧੀ ਨੇ ਵਾਇਰਲ ਫ਼ੋਟੋਆਂ ਤੇ ਵੀਡੀਉਜ਼ 'ਚ ਲੜਕੀ ਨੂੰ ਪਛਾਣ ਲਿਆ | ਉਨ੍ਹਾਂ ਸਬ ਇੰਸਪੈਕਟਰ ਰਾਜੇਸ਼ ਕੁਮਾਰ ਨਾਲ ਸੰਪਰਕ ਕੀਤਾ | ਨਤੀਜੇ ਵਜੋਂ ਉਕਤ ਬੱਚੀ ਨੂੰ ਜਲੰਧਰ ਤੋਂ ਲਿਆਂਦਾ ਗਿਆ ਅਤੇ ਅੱਜ ਚੇਅਰਮੈਨ, ਕਮੇਟੀ ਮੈਂਬਰ ਵਰਿੰਦਰ ਕੌਰ, ਮਨੀਸ਼ਾ ਭਾਰਦਵਾਜ, ਬਾਲ ਸੁਰੱਖਿਆ ਅਧਿਕਾਰੀ ਅਤੇ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿਚ ਉੱਸਦੀ ਮਾਂ ਅਤੇ ਦੋ ਭਰਾਵਾਂ ਦੇ ਹਵਾਲੇ ਕਰ ਦਿੱਤਾ ਗਿਆ | ਉਸ ਦੇ ਪਿਤਾ ਦਾ 2018 ਵਿਚ ਦੇਹਾਂਤ ਹੋ ਗਿਆ | ਮੌਜੂਦਾ ਸਮੇਂ ਵਿਚ ਰੂਪਾ ਲਗਪਗ 18 ਸਾਲ ਦੀ ਹੋ ਗਈ ਹੈ ਅਤੇ ਉਹ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਹੈ |