ਖਮਾਣੋਂ, 26 ਫਰਵਰੀ (ਜੋਗਿੰਦਰ ਪਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਸਰਕਲ ਖਮਾਣੋਂ ਦੇ ਪ੍ਰਧਾਨ ਕਰਨੈਲ ਸਿੰਘ ਜਟਾਣਾ ਨੀਵਾਂ ਦੀ ਅਗਵਾਈ ਹੇਠ ਐੱਸ.ਡੀ.ਐੱਮ. ਨੂੰ ਮੈਮੋਰੰਡਮ ਦਿੱਤਾ ਗਿਆ | ਇਸ ਵਿਚ ਮੰਗ ਕੀਤੀ ਗਈ ਕਿ ਤਹਿਸੀਲ ਦਫ਼ਤਰ ਖਮਾਣੋਂ ਵਿਖੇ ਪਟਵਾਰੀਆਂ ਦੀ ਨਫ਼ਰੀ ਬਹੁਤ ਘੱਟ ਹੈ, ਜਿਸ ਕਾਰਨ ਤਹਿਸੀਲ ਦੇ ਇਲਾਕਾ ਨਿਵਾਸੀਆਂ ਨੂੰ ਬਹੁਤ ਹੀ ਪ੍ਰੇਸ਼ਾਨੀਆਂ ਹੁੰਦੀਆਂ ਹਨ | ਇਸ ਲਈ ਪਟਵਾਰੀਆਂ ਦੀ ਨਫ਼ਰੀ ਪੂਰੀ ਕਰਕੇ, ਇਲਾਕੇ ਦੇ ਲੋਕਾਂ ਦੇ ਮਸਲਿਆਂ ਦਾ ਹੱਲ ਕੀਤਾ ਜਾਵੇ | ਇਸ ਤੋਂ ਇਲਾਵਾ ਹੋਰ ਮੰਗ ਕਿ ਪੰਜਾਬ ਰੋਡਵੇਜ਼, ਪੀ.ਆਰ.ਟੀ.ਸੀ, ਪਨਬਸ, ਸੀ.ਟੀ.ਯੂ. ਵਗੈਰਾ ਦੀਆਂ ਸਰਕਾਰੀ ਬੱਸਾਂ ਬੱਸ ਸਟੈਂਡ ਖਮਾਣੋਂ ਵਿਖੇ ਨਾ ਜਾ ਕੇ, ਪੁਲ਼ ਦੇ ਉੱਪਰੋਂ ਹੀ ਲੰਘ ਜਾਂਦੀਆਂ ਹਨ ਅਤੇ ਕਈ ਵਾਰ ਉਕਤ ਬੱਸਾਂ ਸਵਾਰੀਆਂ ਨੂੰ ਮੰਡੇਰਾਂ ਟੱਪ ਕੇ ਜਾਂ ਖਮਾਣੋਂ ਟੱਪ ਕੇ ਪੰਪ ਦੇ ਸਾਹਮਣੇ ਸੜਕ ਉੱਪਰ ਹੀ ਲਾਹ ਦਿੰਦੀਆਂ ਹਨ | ਸਵਾਰੀਆਂ ਕੋਲ ਉੱਥੋਂ ਆਉਣ ਜਾਣ ਦਾ ਸਾਧਨ ਨਾ ਹੋਣ ਕਾਰਨ ਬਹੁਤ ਪਰੇਸ਼ਾਨੀ ਹੁੰਦੀ ਹੈ | ਉਨ੍ਹਾਂ ਮੰਗ ਕੀਤੀ ਕਿ ਉਕਤ ਮਹਿਕਮਿਆਂ ਦੇ ਐਮ.ਡੀ. ਅਤੇ ਜੀ.ਐਮ. ਵਗੈਰਾ ਨੂੰ ਹਦਾਇਤ ਕੀਤੀ ਜਾਵੇ, ਸਾਰੀਆਂ ਸਰਕਾਰੀ ਬੱਸਾਂ ਬੱਸ ਸਟੈਂਡ ਖਮਾਣੋਂ ਜੋ ਕਿ ਪੱਕਾ ਬੱਸ ਅੱਡਾ ਹੈ, ਵਿਖੇ ਹੀ ਸਵਾਰੀਆਂ ਨੂੰ ਲੈ ਕੇ ਅਤੇ ਲਾਹ ਕੇ ਜਾਣ | ਆਗੂਆਂ ਨੇ ਕਿਹਾ ਕਿ ਜੇਕਰ ਮਸਲੇ ਦਾ ਤੁਰੰਤ ਕੋਈ ਹੱਲ ਨਹੀਂ ਕੀਤਾ ਜਾਂਦਾ ਤਾਂ ਇਲਾਕਾ ਨਿਵਾਸੀ ਅਤੇ ਭਾਕਿਯੂ ਕੋਈ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਵੇਗੀ | ਇਸ ਮੌਕੇ 'ਤੇ ਸਕੱਤਰ ਕਿਰਪਾਲ ਸਿੰਘ ਬਦੇਸ਼ਾਂ, ਦਰਸ਼ਨ ਸਿੰਘ, ਮੇਜਰ ਸਿੰਘ ਰਾਣਵਾਂ, ਜ਼ੋਰਾਵਰ ਸਿੰਘ ਭਾਮੀਆਂ, ਇਕਬਾਲ ਸਿੰਘ, ਹਰਬੰਸ ਸਿੰਘ, ਬੂਟਾ ਸਿੰਘ ਜਟਾਣਾ ਉੱਚਾ, ਸਵਰਨ ਸਿੰਘ ਬਿਲਾਸਪੁਰ, ਭੁਪਿੰਦਰ ਸਿੰਘ ਚੜੀ, ਗੁਰਮੁੱਖ ਸਿੰਘ, ਰਵਿੰਦਰ ਸਿੰਘ ਜਟਾਣਾ ਨੀਵਾਂ ਆਦਿ ਹਾਜ਼ਰ ਸਨ |