ਫ਼ਤਹਿਗੜ੍ਹ ਸਾਹਿਬ, 26 ਫਰਵਰੀ (ਬਲਜਿੰਦਰ ਸਿੰਘ)-ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਵਲੋਂ ਸ਼ਹਿਰ ਨਿਵਾਸੀਆਂ ਨੂੰ ਵਿੱਤੀ ਸਾਲ 2025-26 ਦਾ ਜਾਇਦਾਦ ਟੈਕਸ ਜਮ੍ਹਾਂ ਕਰਵਾਉਣ ਅਤੇ ਟਰੇਡ ਲਾਇਸੈਂਸ ਬਣਵਾਉਣ ਦੀ ਅਪੀਲ ਕੀਤੀ ਗਈ | ਇਸ ਤੋਂ ਇਲਾਵਾ ਬਾਜ਼ਾਰਾਂ ਵਿਚ ਦੁਕਾਨਦਾਰਾਂ ਵਲੋਂ ਨਜਾਇਜ਼ ਤੌਰ 'ਤੇ ਸੜਕ 'ਤੇ ਆਪਣੇ ਦੁਕਾਨ ਤੋਂ ਬਾਹਰ ਤੱਕ ਰੱਖੇ ਸਮਾਨ ਨੂੰ ਤੁਰੰਤ ਹਟਾਉਣ ਦੀ ਤਾੜਨਾ ਵੀ ਕੀਤੀ ਗਈ | ਕੌਂਸਲ ਅਧਿਕਾਰੀਆਂ ਨੇ ਕਿਹਾ ਕਿ ਦੁਕਾਨਦਾਰਾਂ ਵਲੋਂ ਨਜਾਇਜ਼ ਤੌਰ 'ਤੇ ਸੜਕ 'ਤੇ ਆਪਣੀ ਦੁਕਾਨ ਤੋਂ ਬਾਹਰ ਤੱਕ ਰੱਖੇ ਸਮਾਨ ਕਾਰਨ ਆਵਾਜਾਈ ਵਿਚ ਵਿਘਨ ਪੈਂਦਾ ਹੈ ਅਤੇ ਬਾਜ਼ਾਰਾਂ ਵਿਚ ਖ਼ਰੀਦਦਾਰੀ ਕਰਨ ਲਈ ਆਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਪੇਸ਼ ਆਉਂਦੀ ਹੈ | ਇਸ ਦੇ ਨਾਲ ਹੀ ਉਨ੍ਹਾਂ ਦੁਕਾਨਦਾਰਾਂ, ਮਕਾਨ ਮਾਲਕਾਂ, ਅਦਾਰਿਆਂ ਨੂੰ ਆਪਣਾ ਜਾਇਦਾਦ ਟੈਕਸ ਤੁਰੰਤ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ | ਨਗਰ ਕੌਂਸਲ ਦੇ ਸਾਧਕ ਅਫ਼ਸਰ ਅਤੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਦੀ ਪਾਲਨਾ ਕਰਦੇ ਹੋਏ ਇੰਸਪੈਕਟਰ ਸਤਪਾਲ (ਜ), ਇੰਦਰਜੀਤ ਢੰਡ, ਜੂਨੀਅਰ ਸਹਾਇਕ, ਜਗਤਾਰ ਸਿੰਘ, ਦਵਿੰਦਰ ਸਿੰਘ ਕਲਰਕ, ਮਨੀਸ਼ ਕੁਮਾਰ, ਗੁਰਪ੍ਰੀਤ ਸਿੰਘ ਅਤੇ ਹੋਰ ਕਰਮਚਾਰੀਆਂ ਵਲੋਂ ਬਾਜ਼ਾਰਾਂ ਵਿਚ ਜਾ ਕੇ ਦੁਕਾਨਦਾਰਾਂ ਨੂੰ ਨਜਾਇਜ਼ ਕਬਜ਼ੇ ਹਟਾਉਣ ਦੀ ਅਪੀਲ ਕੀਤੀ ਗਈ | ਦੱਸਣਯੋਗ ਹੈ ਕਿ ਜਿੱਥੇ ਬਾਜ਼ਾਰਾਂ ਵਿਚ ਦੁਕਾਨਦਾਰਾਂ ਵਲੋਂ ਆਪਣੀ ਦੁਕਾਨ ਤੋਂ ਬਾਹਰ ਕਈ-ਕਈ ਫੁੱਟ ਤੱਕ ਸਮਾਨ ਰੱਖ ਕੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ, ਉੱਥੇ ਹੀ ਮਹਿੰਦੀ ਲਗਾਉਣ ਜਾਂ ਹੋਰ ਛੋਟਾ-ਮੋਟਾ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਆਪਣੀਆਂ ਦੁਕਾਨਾਂ ਦੇ ਬਹਾਰ ਬਿਠਾ ਕੇ ਉਨ੍ਹਾਂ ਤੋਂ ਪੈਸੇ ਵੀ ਵਸੂਲੇ ਜਾਂਦੇ ਹਨ | ਜਿਸ ਪ੍ਰਤੀ ਪ੍ਰਸ਼ਾਸਨ ਨੂੰ ਜਾਣਕਾਰੀ ਹੋਣ ਦੇ ਬਾਵਜੂਦ ਵੀ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ | ਲੋਕਾਂ ਦੀ ਮੰਗ ਹੈ ਕਿ ਸ਼ਹਿਰ ਦੇ ਫੁੱਟਪਾਥਾਂ 'ਤੇ ਰੇਹੜੀ ਫੜੀ ਜਾਂ ਨਰਸਰੀ ਚਲਾਉਣ ਵਾਲਿਆਂ ਦੁਆਰਾ ਕੀਤੇ ਨਜਾਇਜ਼ ਕਬਜ਼ਿਆਂ ਨੂੰ ਵੀ ਹਟਾਇਆ ਜਾਵੇ ਕਿਉਂਕਿ ਇਹ ਫੁੱਟਪਾਥ ਪੈਦਲ ਰਾਹਗੀਰਾਂ ਲਈ ਹਨ |