ਫ਼ਤਹਿਗੜ੍ਹ ਸਾਹਿਬ, 6 ਮਾਰਚ (ਰਾਜਿੰਦਰ ਸਿੰਘ)-ਹਲਕਾ ਫ਼ਤਹਿਗੜ੍ਹ ਸਾਹਿਬ ਦੇ ਸਰਕਾਰੀ ਸਕੂਲਾਂ ਵਿਚ ਇੰਟਰੈਕਟਿਵ ਪੈਨਲ ਪਹੁੰਚ ਗਏ ਹਨ, ਜਿਸ ਨਾਲ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਿਚ ਵਾਧਾ ਹੋਵੇਗਾ | ਇਸ ਗੱਲ ਦਾ ਪ੍ਰਗਟਾਵਾ ਕੋਆਰਡੀਨੇਟਰ ਸਟੇਟ ਐਵਾਰਡੀ ਨੌਰੰਗ ਸਿੰਘ ਨੇ ਹਲਕੇ ਦੇ ਵੱਖੋ-ਵੱਖਰੇ ਸਕੂਲਾਂ ਦੇ ਦੌਰੇ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਲ੍ਹਾੜੀ ਕਲਾਂ ਵਿਖੇ ਕੀਤਾ | ਉਨ੍ਹਾਂ ਸਕੂਲ ਵਿਚ ਆਧੁਨਿਕ ਤਰੀਕੇ ਨਾਲ ਬਣਾਈ ਕੰਪਿਊਟਰ ਲੈਬ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਸਿੱਖਿਆ ਦੇ ਖੇਤਰ ਵਿਚ ਇਕ ਬੇਮਿਸਾਲ ਤਬਦੀਲੀ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਸਰਕਾਰੀ ਸਕੂਲਾਂ ਨੂੰ ਆਧੁਨਿਕ ਟੈਕਨਾਲੋਜੀ ਨਾਲ ਲੈਸ ਕਰਨ ਦੇ ਨਾਲ-ਨਾਲ ਸੂਬੇ ਭਰ ਵਿਚ ਕਲਾਸ ਰੂਮ ਸਿੱਖਿਆ ਨੂੰ ਬੁਨਿਆਦੀ ਤੌਰ 'ਤੇ ਨਵਾਂ ਰੂਪ ਪ੍ਰਦਾਨ ਕਰੇਗੀ | ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ 5012 ਸਰਕਾਰੀ ਸਕੂਲਾਂ ਨੂੰ ਨਵੀਨਤਮ ਸਾਫ਼ਟਵੇਅਰ ਨਾਲ ਲੈਸ 38649 ਨਵੇਂ ਕੰਪਿਊਟਰ ਪ੍ਰਦਾਨ ਕੀਤੇ ਜਾ ਰਹੇ ਹਨ | ਇਹ ਕੰਪਿਊਟਰ ਸਾਰੇ ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ ਦੇ ਨਾਲ-ਨਾਲ 50 ਫ਼ੀਸਦੀ ਮਿਡਲ ਸਕੂਲਾਂ ਨੂੰ ਵੀ ਦਿੱਤੇ ਜਾਣਗੇ ਤਾਂ ਜੋ ਵਿਦਿਆਰਥੀ ਦੀ ਨਵੀਨਤਮ ਹਾਰਡਵੇਅਰ ਅਤੇ ਟੈਕਨਾਲੋਜੀ ਤੱਕ ਪਹੁੰਚ ਯਕੀਨੀ ਬਣ ਸਕਣ | ਉਨ੍ਹਾਂ ਕਿਹਾ ਕਿ ਇਸ ਨਾਲ ਸਿੱਖਿਆ ਵਿਚ ਹੋਰ ਸੁਧਾਰ ਆਵੇਗਾ | ਇਸ ਮੌਕੇ 'ਤੇ ਪਿ੍ੰਸੀਪਲ ਬਬਲੀ ਰਾਣੀ, ਸਰਪੰਚ ਸਮਸ਼ੇਰ ਸਿੰਘ, ਦਿਨੇਸ਼ ਖੰਨਾ, ਕਮਲਦੀਪ ਬਖਸ਼ੀ, ਗੁਰਪ੍ਰੀਤ ਸਿੰਘ ਅਤੇ ਸਮੂਹ ਐਸ.ਐਮ.ਸੀ. ਕਮੇਟੀ ਮੈਂਬਰ ਅਤੇ ਸਟਾਫ਼ ਮੌਜੂਦ ਰਿਹਾ |