ਫ਼ਤਹਿਗੜ੍ਹ ਸਾਹਿਬ, 2 ਅਪ੍ਰੈਲ (ਬਲਜਿੰਦਰ ਸਿੰਘ)-ਥਾਣਾ ਫ਼ਤਹਿਗੜ੍ਹ ਸਾਹਿਬ ਪੁਲਿਸ ਵਲੋਂ ਸੋਨੇ, ਚਾਂਦੀ ਦੇ ਗਹਿਣੇ ਚੋਰੀ ਕਰਨ ਅਤੇ ਖ਼ਰੀਦ ਕਰਨ ਦੇ ਦੋਸ਼ ਵਿਚ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ | ਸ਼ਿਕਾਇਤ ਕਰਤਾ ਨਿਸ਼ਾਂਤ ਕੁਮਾਰ ਪੁੱਤਰ ਰਾਮੇਸ਼ ਚੰਦ ਵਾਸੀ ਬ੍ਰਾਹਮਣ ਮਾਜਰਾ ਥਾਣਾ ਫ਼ਤਹਿਗੜ੍ਹ ਸਾਹਿਬ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦੀ ਭੈਣ ਨੇਹਾ ਆਪਣੇ ਪਤੀ ਨਾਲ ਝਗੜਾ ਹੋਣ ਕਾਰਨ ਪਿਛਲੇ ਇਕ ਮਹੀਨੇ ਤੋਂ ਉਨ੍ਹਾਂ ਕੋਲ ਬ੍ਰਾਹਮਣ ਮਾਜਰਾ ਵਿਖੇ ਰਹਿ ਰਹੀ ਹੈ, ਉਸ ਨੇ ਦੱਸਿਆ ਕਿ ਨੇਹਾ ਨੇ ਆਪਣੇ ਸੋਨੇ, ਚਾਂਦੀ ਦੇ ਗਹਿਣੇ ਘਰ ਦੀ ਅਲਮਾਰੀ ਵਿਚ ਰੱਖੇ ਹੋਏ ਸਨ | ਜਿਸ ਦੌਰਾਨ ਸ਼ਿਕਾਇਤ ਕਰਤਾ ਦਾ ਦੋਸਤ ਜਗਜੀਤ ਸਿੰਘ, ਜੋ ਅਕਸਰ ਉਨ੍ਹਾਂ ਦੇ ਘਰ ਆਉਂਦਾ ਜਾਂਦਾ ਰਹਿੰਦਾ ਹੈ, ਨੇ ਉਸ ਵੇਲੇ ਘਰ ਦੀ ਅਲਮਾਰੀ ਵਿਚ ਰੱਖੇ ਸੋਨੇ, ਚਾਂਦੀ ਦੇ ਗਹਿਣੇ ਚੋਰੀ ਕਰ ਲਏ, ਜਦੋਂ 24 ਮਾਰਚ ਨੂੰ ਸਾਰਾ ਪਰਿਵਾਰ ਮੋਦੀ ਨਗਰ ਮੇਰਠ ਵਿਖੇ ਮੱਥਾ ਟੇਕਣ ਗਿਆ ਹੋਇਆ ਸੀ | ਜਦੋਂ ਅਗਲੀ ਸਵੇਰ ਪਰਿਵਾਰ ਨੇ ਵਾਪਸ ਆ ਕੇ ਦੇਖਿਆ ਤਾਂ ਅਲਮਾਰੀ ਵਿਚੋਂ ਗਹਿਣੇ ਗ਼ਾਇਬ ਸਨ | ਸ਼ਿਕਾਇਤ ਕਰਤਾ ਮੁਤਾਬਿਕ ਜਦੋਂ ਉਸ ਨੇ ਆਪਣੇ ਦੋਸਤ ਜਗਜੀਤ ਸਿੰਘ ਨੂੰ ਸ਼ੱਕ ਪੈਣ 'ਤੇ ਚੈੱਕ ਕਰਨ ਲਈ 31 ਮਾਰਚ ਨੂੰ 500 ਰੁਪਏ ਦਾ ਨੋਟ ਅਲਮਾਰੀ ਵਿਚ ਰੱਖ ਕੇ ਖ਼ੁਦ ਬਾਥਰੂਮ ਚਲਾ ਗਿਆ ਤਾਂ ਉਸ ਦੇ ਪਿੱਛੋਂ ਜਗਜੀਤ ਸਿੰਘ ਅਲਮਾਰੀ ਵਿਚ ਫਰੋਲਾ ਫਰਾਲੀ ਕਰ ਰਿਹਾ ਸੀ | ਜਿਸ ਕਰਕੇ ਉਸ ਦਾ ਸ਼ੱਕ ਵਿਚ ਯਕੀਨ ਵਿਚ ਬਦਲ ਗਿਆ ਕਿ ਸੋਨੇ, ਚਾਂਦੀ ਦੇ ਗਹਿਣੇ ਜਗਜੀਤ ਸਿੰਘ ਨੇ ਹੀ ਚੋਰੀ ਕੀਤੇ ਹਨ | ਜਿਸ ਸਬੰਧੀ ਥਾਣਾ ਫ਼ਤਹਿਗੜ੍ਹ ਸਾਹਿਬ ਵਿਖੇ ਸ਼ਿਕਾਇਤ ਦਰਜ਼ ਕਰਵਾਈ ਗਈ | ਇਸ ਮਾਮਲੇ ਸਬੰਧੀ ਪੁਲਿਸ ਨੇ ਧਾਰਾ 305, 331 (4) ਬੀ.ਐਨ.ਐਸ ਤਹਿਤ ਮੁਕੱਦਮਾ ਦਰਜ਼ ਕਰਕੇ ਜਗਜੀਤ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਅਤੇ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਸ਼ੁਰੂ ਕੀਤੀ | ਪੁਲਿਸ ਨੇ ਦਾਅਵਾ ਕੀਤਾ ਕਿ ਜਗਜੀਤ ਸਿੰਘ ਪਾਸੋਂ ਚੋਰੀ ਕੀਤੇ ਸੋਨੇ, ਚਾਂਦੀ ਦੇ ਗਹਿਣੇ ਖ਼ਰੀਦ ਕਰਨ ਵਾਲੇ ਨਰਿੰਦਰਪਾਲ ਉਰਫ਼ ਪਿ੍ੰਸ ਵਰਮਾ ਨੂੰ ਵੀ ਗਿ੍ਫ਼ਤਾਰ ਕਰ ਲਿਆ ਹੈ, ਜਿਸ ਪਾਸੋਂ ਚੋਰੀ ਕੀਤੇ ਗਹਿਣਿਆਂ 'ਚੋਂ ਕੁਝ ਗਹਿਣੇ ਬਰਾਮਦ ਹੋਏ ਹਨ |