ਅਮਲੋਹ, 3 ਅਪ੍ਰੈਲ (ਕੇਵਲ ਸਿੰਘ)-ਸੀਨੀਅਰ ਸਿਟੀਜ਼ਨ ਅਤੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਅਮਲੋਹ ਦੀ ਮਹੀਨਾਵਾਰ ਮੀਟਿੰਗ ਰੌਸ਼ਨ ਲਾਲ ਸੂਦ ਦੀ ਪ੍ਰਧਾਨਗੀ ਹੇਠ ਹੋਈ | ਸਭ ਤੋਂ ਪਹਿਲਾਂ ਐਸੋਸੀਏਸ਼ਨ ਦੇ ਮੈਂਬਰ ਮਨਜਿੰਦਰ ਸਿੰਘ ਦੀ ਬੇਵਕਤੀ ਹੋਈ ਮੌਤ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ | ਉਪਰੰਤ ਦਰਸ਼ਨ ਸਿੰਘ ਸਲਾਣੀ ਨੇ ਇਸ ਮਹੀਨੇ ਦੇ ਦਿਵਸਾਂ ਅਤੇ ਤਿਉਹਾਰਾਂ ਗੁੱਡ ਫਰਾਈਡੇਅ, ਡਾ. ਬੀ.ਆਰ. ਅੰਬੇਡਕਰ ਜੈਅੰਤੀ, ਸ੍ਰੀ ਪਰਸ਼ੂਰਾਮ ਜੈਅੰਤੀ ਅਤੇ ਵਿਸਾਖੀ ਬਾਰੇ ਜਾਣਕਾਰੀ ਦਿੱਤੀ | ਹਾਕਮ ਰਾਏ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਵੱਲ ਅੱਖਾਂ ਬੰਦ ਕਰੀ ਬੈਠੀ ਪੰਜਾਬ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ | ਬਲਬੀਰ ਮੁੱਲਾਂਪੁਰੀ ਨੇ ਜਿੱਥੇ ਵਿਸਾਖੀ ਦੇ ਤਿਉਹਾਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ, ਉੱਥੇ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਵਲੋਂ ਦੇਸ਼ ਦੀ ਅਗਵਾਈ ਕਰਨ ਹਿੱਤ ਪਾਏ ਗਏ ਯੋਗਦਾਨ ਬਾਰੇ ਚਾਨਣਾ ਪਾਇਆ | ਬਲਬੀਰ ਘੁੰਮਣ ਨੇ ਕੇਂਦਰੀ ਪੈਟਰਨ ਨਾਲ ਡੀ.ਏ. ਨੂੰ ਡੀਲਿੰਕ ਕਰਨ ਦੀ ਨਿਖੇਧੀ ਕੀਤੀ | ਉਨ੍ਹਾਂ ਨੇ ਅਮਰੀਕਾ ਵਰਗੇ ਦੇਸ਼ ਦੀਆਂ ਸਾਮਰਾਜਵਾਦੀ ਨੀਤੀਆਂ ਦੀ ਨਿੰਦਾ ਕੀਤੀ ਅਤੇ ਜੰਗ ਲੱਗਣ ਕਾਰਨ ਲੋਕਾਂ ਦੀਆਂ ਵਧੀਆਂ ਮੁਸ਼ਕਿਲਾਂ ਤੁਰੰਤ ਹੱਲ ਕਰਨ ਦੀ ਸਰਕਾਰ ਨੂੰ ਅਪੀਲ ਕੀਤੀ | ਅਮਰ ਸਿੰਘ ਬਿਲਿੰਗ ਨੇ ਕਿਹਾ ਕਿ ਸਰਕਾਰ ਨੇ ਆਈ.ਏ.ਐਸ., ਆਈ.ਪੀ.ਐਸ. ਅਤੇ ਹੋਰ ਉੱਚ ਅਧਿਕਾਰੀਆਂ ਦਾ ਡੀ.ਏ. ਕਦੇ ਨਹੀਂ ਰੋਕਿਆ ਤਾਂ ਬਾਕੀ ਮੁਲਾਜ਼ਮਾਂ ਦਾ ਡੀ.ਏ. ਕਿਉਂ ਰੋਕਿਆ ਹੋਇਆ ਹੈ | ਇਸ ਬਾਰੇ ਸਰਕਾਰ ਵਲੋਂ ਜਨਤਾ ਨੂੰ ਜੁਆਬ ਦੇਣਾ ਚਾਹੀਦਾ ਹੈ | ਅਮਰਜੀਤ ਮਾਜਰੀ ਵਲੋਂ ਆਮਦਨ ਖ਼ਰਚ ਦਾ ਵੇਰਵਾ ਪੇਸ਼ ਕੀਤਾ ਗਿਆ | ਪ੍ਰਧਾਨ ਰੌਸ਼ਨ ਲਾਲ ਸੂਦ ਨੇ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਵਲੋਂ ਕੀਤੇ ਜਾ ਰਹੇ ਲੋਕ ਵਿਰੋਧੀ ਕੰਮਾਂ ਦੀ ਨਿੰਦਾ ਕੀਤੀ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ | ਅੰਤ ਵਿਚ ਸਰਪ੍ਰਸਤ ਰਾਮ ਸਰਨ ਸੂਦ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਜੋਰਾ ਸਿੰਘ ਗਿੱਲ, ਮੱਘਰ ਸਿੰਘ ਸਲਾਣਾ, ਨਰਿੰਦਰ ਸਿੰਘ, ਦੇਵ ਰਾਜ, ਵੀਰ ਸਿੰਘ, ਦਿਲਬਾਗ ਸਿੰਘ, ਜਗਦੀਸ਼ ਸਿੰਘ, ਸ਼ੇਰ ਸਿੰਘ, ਕੇਸਰ ਸਿੰਘ ਪਟਵਾਰੀ, ਸੁਰਜੀਤ ਸਿੰਘ, ਸ਼ਿੰਗਾਰਾ ਰਾਮ, ਮਹਿੰਦਰ ਸਿੰਘ, ਚਰਨਜੀਤ ਸਿੰਘ ਮਾਜਰੀ, ਇੰਦਰਜੀਤ, ਜਤਿੰਦਰਪਾਲ ਖੁੱਲਰ, ਰਾਕੇਸ਼ ਕੁਮਾਰ, ਗੁਰਮਿੰਦਰ ਸਿੰਘ, ਪ੍ਰੇਮ ਚੰਦ, ਭੀਮ ਸਿੰਘ ਅਤੇ ਕਰਮਜੀਤ ਸਿੰਘ ਕਾਨੂੰਗੋ ਆਦਿ ਹਾਜ਼ਰ ਸਨ |