ਅਮਲੋਹ, 23 ਅਪ੍ਰੈਲ (ਕੇਵਲ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ ਮਾਜਰੀ ਅਰਾਈਆਂ ਦੀ ਪੰਜਵੀਂ ਕਲਾਸ ਦੀ ਹੋਣਹਾਰ ਵਿਦਿਆਰਥਣ ਮਨਕੀਰਤ ਕੌਰ ਪੁੱਤਰੀ ਗੁਰਜਿੰਦਰ ਸਿੰਘ ਅਤੇ ਕੁਲਦੀਪ ਕੌਰ ਨੇ ਬਲਾਕ ਮੰਡੀ ਗੋਬਿੰਦਗੜ੍ਹ ਦੇ ਪੰਜਵੀਂ ਕਲਾਸ ਦੇ ਨਤੀਜਿਆਂ 'ਚ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ, ਸਕੂਲ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ | ਇਸ ਸ਼ਾਨਦਾਰ ਪ੍ਰਾਪਤੀ 'ਤੇ ਸਕੂਲ ਸਟਾਫ਼ ਵੱਲੋਂ ਮਨਕੀਰਤ ਕੌਰ ਨੂੰ ਸਪੋਰਟਸ ਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੇ ਨਾਲ ਹੀ ਪਿੰਡ ਦੇ ਸਰਪੰਚ ਹਰਜਿੰਦਰ ਸਿੰਘ ਵਲੋਂ ਵਿਦਿਆਰਥਣ ਨੂੰ ਇਨਾਮ ਵਜੋਂ ਨਗਦ ਰਾਸ਼ੀ ਦੇ ਕੇ ਉਸ ਦੀ ਹੌਸਲਾ ਅਫਜ਼ਾਈ ਕੀਤੀ ਗਈ | ਇਸ ਮੌਕੇ ਹਾਜ਼ਰ ਲੋਕਾਂ ਨੇ ਮਨਕੀਰਤ ਕੌਰ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਸਰਪੰਚ ਹਰਜਿੰਦਰ ਸਿੰਘ ਨੇ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਨਾਲ ਹੋਰ ਬੱਚਿਆਂ ਨੂੰ ਵੀ ਸਖ਼ਤ ਮਿਹਨਤ ਕਰਨ ਅਤੇ ਅੱਗੇ ਵਧਣ ਦੀ ਪ੍ਰੇਰਨਾ ਮਿਲਦੀ ਹੈ | ਇਸ ਮੌਕੇ ਸੈਂਟਰ ਮੁਖੀ ਗੁਰਮੀਤ ਕੌਰ, ਐਸ.ਐਮ.ਸੀ. ਚੇਅਰਪਰਸਨ ਰੇਸ਼ਮ ਕੌਰ, ਕਲਾਸ ਇੰਚਾਰਜ ਚਰਨਜੀਤ ਕੌਰ, ਹਰਦੀਪ ਸਿੰਘ ਈ.ਟੀ.ਟੀ. ਅਧਿਆਪਕ, ਮਨਪ੍ਰੀਤ ਕੌਰ, ਮਾਪੇ ਅਤੇ ਹੋਰ ਪਤਵੰਤੇ ਹਾਜ਼ਰ ਸਨ |