ਅਮਲੋਹ, 23 ਅਪ੍ਰੈਲ (ਕੇਵਲ ਸਿੰਘ)-ਅਮਲੋਹ ਇਲਾਕੇ ਦੇ ਪਿੰਡ ਹਿੰਮਤਗੜ੍ਹ ਦੇ ਖੇਤਾਂ ਦੀਆਂ ਮੋਟਰਾਂ 'ਤੇ ਲੱਗੇ ਟਰਾਂਸਫਾਰਮਰ ਤੋੜ ਕੇ ਉਨ੍ਹਾਂ ਵਿਚੋਂ ਤਾਂਬਾ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ | ਇਨ੍ਹਾਂ ਵੱਧ ਰਹੀਆਂ ਚੋਰੀਆਂ ਕਾਰਨ ਕਿਸਾਨਾਂ ਅਤੇ ਇਲਾਕੇ ਦੇ ਲੋਕਾਂ 'ਚ ਡਰ ਦਾ ਮਾਹੌਲ ਬਣ ਗਿਆ ਹੈ ਅਤੇ ਚੋਰਾਂ ਦੇ ਹੌਸਲੇ ਦਿਨੋਂ-ਦਿਨ ਵਧਦੇ ਨਜ਼ਰ ਆ ਰਹੇ ਹਨ | ਇਸ ਸਬੰਧੀ ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਕਿ ਉਹ ਰੋਜ਼ਾਨਾਂ ਦੀ ਤਰ੍ਹਾਂ ਖੇਤਾਂ 'ਚ ਪਹੁੰਚੇ ਤਾਂ ਦੇਖਿਆ ਕਿ ਮੋਟਰਾਂ 'ਤੇ ਲੱਗੇ ਟਰਾਂਸਫਾਰਮਰ ਤੋੜ ਕੇ ਹੇਠਾਂ ਸੁੱਟੇ ਹੋਏ ਸਨ | ਚੋਰ ਟਰਾਂਸਫਾਰਮਰਾਂ ਵਿਚੋਂ ਤਾਂਬਾ ਅਤੇ ਹੋਰ ਸਾਮਾਨ ਕੱਢ ਕੇ ਲੈ ਗਏ, ਜਿਸ ਨਾਲ ਉਨ੍ਹਾਂ ਨੂੰ ਕਾਫ਼ੀ ਆਰਥਿਕ ਨੁਕਸਾਨ ਝੱਲਣਾ ਪਿਆ | ਉਨ੍ਹਾਂ ਇਹ ਵੀ ਦੱਸਿਆ ਕਿ ਕੁੱਲ ਚਾਰ ਮੋਟਰਾਂ 'ਤੇ ਚੋਰੀ ਹੋਈ ਹੈ | ਪਹਿਲੀ ਰਾਤ ਦੋ ਮੋਟਰਾਂ ਅਤੇ ਦੂਜੀ ਰਾਤ ਹੋਰ ਦੋ ਮੋਟਰਾਂ ਨਿਸ਼ਾਨਾ ਬਣੀਆਂ, ਇਹ ਸਾਰੀਆਂ ਮੋਟਰਾਂ ਪਿੰਡ ਹਿੰਮਤਗੜ੍ਹ ਦੀਆਂ ਦੱਸੀਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਿਭਾਗ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ | ਇਸ ਮੌਕੇ ਪ੍ਰਭਾਵਿਤ ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਇਲਾਕੇ ਵਿਚ ਰਾਤ ਸਮੇਂ ਪੁਲਿਸ ਗਸ਼ਤ ਵਧਾਈ ਜਾਵੇ ਅਤੇ ਚੋਰਾਂ ਨੂੰ ਜਲਦੀ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਅੱਗੇ ਅਜਿਹੀਆਂ ਘਟਨਾਵਾਂ 'ਤੇ ਰੋਕ ਲੱਗ ਸਕੇ |