ਫ਼ਤਹਿਗੜ੍ਹ ਸਾਹਿਬ, 24 ਅਪ੍ਰੈਲ (ਮਨਪ੍ਰੀਤ ਸਿੰਘ)-ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਚੋਣ ਲਈ ਅੱਜ ਨਾਮਜ਼ਦਗੀ ਫਾਰਮ ਭਰਨ ਦੇ ਆਖ਼ਰੀ ਦਿਨ ਕੁਲ 7 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਫਾਰਮ ਚੋਣ ਕਮੇਟੀ ਪਾਸ ਜਮ੍ਹਾ ਕਰਵਾਏ | ਇਨ੍ਹਾਂ ਉਮੀਦਵਾਰਾਂ ਵਿਚ ਨਿਮਰਲ ਸਿੰਘ ਐਸ.ਐਸ. ਸਾਬਕਾ ਚੇਅਰਮੈਨ, ਤਰਵਿੰਦਰ ਸਿੰਘ ਲੁਧਿਆਣਾ, ਕੁਲਵੰਤ ਸਿੰਘ ਚੰਡੀਗੜ੍ਹ, ਸੁਖਦੇਵ ਸਿੰਘ ਰਾਜ ਲੁਧਿਆਣਾ, ਰਾਜ ਕੁਮਾਰ ਪਾਤੜਾਂ, ਮਨਮੋਹਨ ਸਿੰਘ ਭਾਗੋਵਾਲੀਆ, ਗੁਰਚਰਨ ਸਿੰਘ ਧਨੋਲਾ ਦੇ ਨਾਮ ਸ਼ਾਮਿਲ ਹਨ | ਚੋਣ ਕਮੇਟੀ ਦੇ ਕਨਵੀਨਰ ਸਰਵਣ ਸਿੰਘ ਬਿਹਾਲ ਨੇ ਦੱਸਿਆ ਕਿ ਅੱਜ ਚੇਅਰਮੈਨ ਦੀ ਚੋਣ ਲਈ ਨਾਮਜ਼ਦਗੀ ਫਾਰਮ ਦੀ ਆਖ਼ਰੀ ਮਿਤੀ ਸੀ, ਜਿਸ ਦੌਰਾਨ ਉਨ੍ਹਾਂ ਦੀ ਕਮੇਟੀ ਪਾਸ ਸੱਤ ਨਾਮਜ਼ਦਗੀਆਂ ਪਹੁੰਚੀਆਂ ਹਨ | ਜਿਨ੍ਹਾਂ ਦੀ ਪੜਤਾਲ 25 ਅਪ੍ਰੈਲ ਨੂੰ ਕੀਤੀ ਜਾਵੇਗੀ ਅਤੇ ਉਮੀਦਵਾਰ 26 ਅਪ੍ਰੈਲ ਨੂੰ 10 ਤੋਂ 2 ਵਜੇ ਤੱਕ ਆਪਣੇ ਨਾਮਜ਼ਦਗੀ ਫਾਰਮ ਵਾਪਸ ਲੈ ਸਕਦੇ ਹਨ | ਉਨ੍ਹਾਂ ਦੱਸਿਆ ਕਿ ਚੋਣ ਨਿਸ਼ਾਨ 26 ਅਪ੍ਰੈਲ ਨੂੰ ਹੀ ਸ਼ਾਮ 3 ਤੋਂ 5 ਵਜੇ ਤੱਕ ਅਲਾਟ ਕਰ ਦਿੱਤੇ ਜਾਣਗੇ | ਚੋਣ ਕਮੇਟੀ ਦੇ ਕਨਵੀਨਰ ਸਵਰਨ ਸਿੰਘ ਬਿਹਾਲ, ਰਿਟਰਨਿੰਗ ਅਫ਼ਸਰ ਮਹਿੰਦਰ ਸਿੰਘ ਮੋਰਿੰਡਾ ਅਤੇ ਬਾਕੀ ਕਮੇਟੀ ਮੈਂਬਰ ਠੇਕੇਦਾਰ ਰਣਜੀਤ ਸਿੰਘ ਜਲੰਧਰ, ਜਸਪਾਲ ਸਿੰਘ ਕਲੌਂਦੀ, ਜਰਨੈਲ ਸਿੰਘ ਹਸਨਪੁਰ, ਬਲਵੀਰ ਸਿੰਘ ਬੱਬੂ ਨੇ ਦੱਸਿਆ ਕਿ ਚੇਅਰਮੈਨ ਦੇ ਅਹੁਦੇ ਦੀ ਚੋਣ 17 ਮਈ ਨੂੰ ਹੋਵੇਗੀ, ਜਿਸ ਵਿਚ ਸਮਾਜ ਨਾਲ ਸਬੰਧ ਰੱਖਣ ਵਾਲੇ ਵੋਟਰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਵੋਟ ਪਾ ਸਕਣਗੇ ਅਤੇ 17 ਮਈ ਨੂੰ ਵੋਟਾਂ ਦੀ ਗਿਣਤੀ ਕਰਨ ਉਪਰੰਤ ਨਤੀਜਾ ਐਲਾਨਿਆ ਜਾਵੇਗਾ | ਉਨ੍ਹਾਂ ਸਾਰੇ ਉਮੀਦਵਾਰਾਂ ਨੂੰ ਚੋਣ ਜ਼ਾਬਤੇ 'ਚ ਰਹਿ ਕੇ ਪ੍ਰਚਾਰ ਕਰਨ ਦੀ ਵੀ ਅਪੀਲ ਕੀਤੀ |