ਤਾਰਾਗੜ੍ਹ, 31 ਦਸੰਬਰ (ਸੋਹਨ ਲਾਲ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਅਥਾਰਿਟੀ ਦੇ ਚੇਅਰਮੈਨ ਜ਼ਿਲ੍ਹਾ ਅਤੇ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀ.ਜੇ.ਐਮ. ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਕੱਤਰ ਰੁਪਿੰਦਰ ਸਿੰਘ ਦੇ ਆਦੇਸ਼ਾਂ ਹੇਠ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਯੂਥ ਅਗੇਂਸਟ ਡਰੱਗਜ਼ ਮੁਹਿੰਮ ਦੇ ਹਿੱਸੇ ਵਜੋਂ ਪਿੰਡ ਨਰੋਟ ਜੈਮਲ ਸਿੰਘ ਦੇ ਸਰਕਾਰੀ ਹਸਪਤਾਲ ਵਿਚ ਸਥਾਪਿਤ ਓ.ਏ.ਟੀ. ਸੈਂਟਰ ਦਾ ਦੌਰਾ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਪੈਨਲ ਵਿਚ ਐਡਵੋਕੇਟ ਦਰਸ਼ਨ ਸਿੰਘ, ਵਿਨੋਦ ਕੁਮਾਰ ਐਡਵੋਕੇਟ, ਹਨੀ ਮੈਣੀ, ਡਾ: ਰਜਤ ਮਹਾਜਨ ਅਤੇ ਪੁਲਿਸ ਸਟੇਸ਼ਨ ਇੰਚਾਰਜ ਕੁਲਦੀਪ ਰਾਜ ਸ਼ਾਮਿਲ ਸਨ | ਪੀ.ਐਲ.ਵੀ. ਜਗੀਰ ਸਿੰਘ, ਕੁਲਵਿੰਦਰ ਕੌਰ ਅਤੇ ਪੱਲਵੀ ਸ਼ਰਮਾ ਨੇ ਵੀ ਇਸ ਸਮਾਗਮ ਵਿਚ ਸ਼ਿਰਕਤ ਕੀਤੀ | ਐਡਵੋਕੇਟ ਦਰਸ਼ਨ ਸਿੰਘ ਅਤੇ ਵਿਨੋਦ ਕੁਮਾਰ ਨੇ ਦੱਸਿਆ ਕਿ ਕਾਨੂੰਨੀ ਸੇਵਾਵਾਂ ਅਥਾਰਿਟੀ ਦੀ ਨਸ਼ਾ ਵਿਰੋਧੀ ਮੁਹਿੰਮ ਦਾ ਮੁੱਖ ਉਦੇਸ਼ ਨੌਜਵਾਨਾਂ ਤੇ ਆਮ ਲੋਕਾਂ ਨੂੰ ਨਸ਼ਿਆਂ ਦੇ ਨੁਕਸਾਨਦੇਹ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਹੈ | ਵਕੀਲ ਵਿਨੋਦ ਕੁਮਾਰ ਅਤੇ ਦਰਸ਼ਨ ਸਿੰਘ ਨੇ ਹਾਜ਼ਰੀਨ ਨੂੰ ਦੱਸਿਆ ਕਿ ਅਥਾਰਿਟੀ ਦੇ ਨਿਰਦੇਸ਼ਾਂ ਅਨੁਸਾਰ ਹਰ ਪਿੰਡ ਤੇ ਸ਼ਹਿਰ ਵਿਚ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ |