ਗੁਰਦਾਸਪੁਰ, 31 ਦਸੰਬਰ (ਚੱਕਰਾਜਾ)- ਜ਼ਿਲ੍ਹਾ ਬਾਲ ਭਲਾਈ ਕੌਂਸਲ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਗੁਰਸਿਮਰਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਰਕਾਰੀ ਅਫ਼ਸਰਾਂ ਅਤੇ ਜ਼ਿਲ੍ਹਾ ਬਾਲ ਭਲਾਈ ਕੌਂਸਲ ਦੀ ਸਲਾਹਕਾਰ ਕਮੇਟੀ ਦੇ ਮੈਂਬਰਾਂ ਨੇ ਹਿੱਸਾ ਲਿਆ | ਮੀਟਿੰਗ ਦੌਰਾਨ ਸੈਕ੍ਰੇਟਰੀ ਰੋਮੇਸ਼ ਮਹਾਜਨ ਨੇ ਕੌਂਸਲ ਦੀ ਕਾਰਗੁਜ਼ਾਰੀ ਦੀ ਝਲਕ ਪੇਸ਼ ਕੀਤਾ ਅਤੇ ਇਸ ਗੱਲ 'ਤੇ ਰੌਸ਼ਨੀ ਪਾਈ ਕਿ ਗੁਰਦਾਸਪੁਰ ਪੰਜਾਬ ਦਾ ਪਹਿਲਾ ਜ਼ਿਲ੍ਹਾ ਹੈ, ਜਿੱਥੇ ਸਭ ਤੋਂ ਵੱਧ ਬਾਲ ਭਲਾਈ ਯੋਜਨਾਵਾਂ ਚੱਲ ਰਹੀਆਂ ਹਨ | ਸੰਸਥਾ ਦੇ ਕੋਆਰਡੀਨੇਟਰ ਬਖ਼ਸ਼ੀ ਰਾਜ ਨੇ ਮੀਟਿੰਗ ਦਾ ਏਜੰਡਾ ਪੇਸ਼ ਕੀਤਾ, ਜਿਸ ਦੌਰਾਨ ਬੱਚਿਆਂ ਦੀ ਸੁਖ-ਸਮਰਿਧੀ ਅਤੇ ਸੁਰੱਖਿਆ ਲਈ ਕਈ ਮਹੱਤਵਪੂਰਨ ਫੈਸਲੇ ਲਏ ਗਏ ਜਿਸ ਵਿਚ ਬਾਲ ਭਵਨ ਦੀ ਸੁੰਦਰਤਾ ਵਧਾਉਣ, ਪਿੰਡ ਮਾਨ ਕੌਰ ਦੇ ਝੁੱਗੀ ਖੇਤਰ 'ਚ ਕਮਿਊਨਿਟੀ ਪਖ਼ਾਨਾ ਬਣਾਉਣ, ਪੰਡੋਰੀ ਰੋਡ ਤੋਂ ਸੰਪਰਕ ਸੜਕ ਦੀ ਮੁਰੰਮਤ, ਚਾਈਨਾ ਡੋਰ ਦੇ ਇਸਤੇਮਾਲ ਖ਼ਿਲਾਫ਼ ਕਾਰਵਾਈ, ਸ਼ਹਿਰ ਵਿਚ ਬੱਚਿਆਂ ਦੀ ਭੀਖ ਮੰਗਣ 'ਤੇ ਰੋਕ ਲਈ ਹਫ਼ਤਾਵਾਰੀ ਰੇਡ ਆਦਿ ਸ਼ਾਮਿਲ ਹਨ | ਇਸ ਤੋਂ ਇਲਾਵਾ ਪਰਮਿੰਦਰ ਸਿੰਘ ਸੈਨੀ ਨੂੰ ਕੌਂਸਲ ਦਾ ਮਾਨਦ ਸੰਯੁਕਤ ਸੈਕਰੇਟਰੀ ਨਿਯੁਕਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਕੌਂਸਲ ਲਈ ਵਿੱਤੀ ਸਹਾਇਤਾ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ | ਇਸ ਮੌਕੇ ਸਮਰਪਣ ਸੁਸਾਇਟੀ ਦੇ ਬਿਨਾਂ ਵਰਤੇ ਗਏ ਫ਼ੰਡਾਂ ਦੀ ਵਰਤੋਂ ਬਾਰੇ ਵੀ ਵਿਚਾਰ ਕੀਤਾ ਗਿਆ | ਇਸ ਮੌਕੇ ਪੰਜਾਬ ਬਾਲ ਭਲਾਈ ਕੌਂਸਲ ਦੇ ਨਵੇਂ-ਨਿਯੁਕਤ ਪੰਜ ਮੈਂਬਰ ਮੋਹਿਤ ਮਹਾਜਨ, ਰੇਨੂੰ ਕੌਂਸਲ, ਗੁਰਪ੍ਰੀਤ ਸਿੰਘ ਸੈਨੀ, ਕਿ੍ਸ਼ਨਾ ਮੂਰਤੀ ਗਰਗ ਤੇ ਅਮਰਿੰਦਰ ਸਿੰਘ ਚੀਮਾ ਦਾ ਵੀ ਸਨਮਾਨ ਕੀਤਾ ਗਿਆ | ਜਦੋਂ ਕਿ ਪੰਜਾਬ ਪੱਧਰ ਦੇ ਵੀਰ ਬਾਲ ਦਿਵਸ ਮੁਕਾਬਲੇ ਦੇ ਜੇਤੂਆਂ ਨੂੰ ਵੀ ਸਰਟੀਫਿਕੇਟ ਦਿੱਤੇ ਗਏ | ਇਸ ਮੌਕੇ ਕੌਂਸਲ ਦੇ ਮੈਂਬਰ ਦਿਲਬਾਗ ਸਿੰਘ ਚੀਮਾ, ਜੈ ਰਘੁਬੀਰ ਸ਼ਰਮਾ, ਲਾਈਨ ਕੇ.ਪੀ ਸਿੰਘ, ਕੌਂਸਲ ਮੁਕੇਸ਼ ਵਰਮਾ ਤੇ ਪ੍ਰੋਜੈਕਟ ਸਟਾਫ਼ ਹਾਜ਼ਰ ਸੀ | ਅੰਤ ਵਿਚ ਪ੍ਰੋਜੈਕਟ ਕੋਆਰਡੀਨੇਟਰ ਨੇ ਸਾਰਿਆਂ ਦਾ ਧੰਨਵਾਦ ਕੀਤਾ |