ਬਟਾਲਾ, 31 ਦਸੰਬਰ (ਹਰਦੇਵ ਸਿੰਘ ਸੰਧੂ)- ਬਟਾਲਾ ਅੰਦਰ ਆਉਂਦੇ ਪਿੰਡ ਅੱਲੋਵਾਲ 'ਚ ਸਵੇਰੇ ਇਕ ਘਰ ਵਿਚ ਘਰੇਲੂ ਗੈਸ ਸਿਲੰਡਰ ਫਟਣ ਕਾਰਨ 5 ਵਿਅਕਤੀ ਜ਼ਖ਼ਮੀ ਹੋ ਗਏ | ਇਸ ਸੰਬੰਧੀ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਜ਼ੇਰੇ ਇਲਾਜ ਜ਼ਖ਼ਮੀਆਂ ਨੇ ਦੱਸਿਆ ਕਿ ਅਸੀਂ ਸਾਰੇ ਬਿਹਾਰ ਤੋਂ ਆ ਕੇ ਬਟਾਲਾ ਵਿਖੇ ਮਜ਼ਦੂਰੀ ਕਰਦੇ ਹਾਂ ਤੇ ਅੱਜ ਸਵੇਰੇ ਖਾਣਾ ਬਣਾਉਂਦੇ ਸਮੇਂ ਗੈਸ ਲੀਕ ਹੋਣ ਕਰ ਕੇ ਅਚਾਨਕ ਸਿਲੰਡਰ ਨੂੰ ਅੱਗ ਲੱਗਣ ਕਾਰਨ ਸਿਲੰਡਰ ਨੂੰ ਚੁੱਕ ਕੇ ਬਾਹਰ ਖੁੱਲੇ ਵਿਹੜੇ 'ਚ ਸੁੱਟ ਦਿੱਤਾ ਤੇ ਸਿਲੰਡਰ ਫਟ ਗਿਆ ਜਿਸ ਨਾਲ ਅੱਗ ਹੋਰ ਭੜਕ ਗਈ | ਇਸ ਭਿਆਨਕ ਅੱਗ ਦੀ ਲਪੇਟ ਵਿਚ ਇਕ ਬੱਚੇ ਸਮੇਤ 5 ਜਣੇ ਗੰਭੀਰ ਝੁਲਸ ਗਏ ਜਿਨ੍ਹਾਂ ਦਾ ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ | ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਬਟਾਲਾ ਇਲਾਜ ਲਈ ਲਿਜਾਇਆ ਗਿਆ ਜਿੱਥੇ 2 ਦੀ ਹਾਲਤ ਗੰਭੀਰ ਹੋਣ ਕਰ ਕੇ ਅੰਮਿ੍ਤਸਰ ਲਈ ਤਬਦੀਲ ਕਰ ਦਿੱਤਾ | ਜ਼ਖ਼ਮੀ ਹੋਏ ਵਿਅਕਤੀ ਦੀ ਪਹਿਚਾਣ ਰਾਜਬੰਸੀ ਭਗਤ, ਉਸ ਦੀ ਪਤਨੀ ਮੀਨਾ, ਇਨ੍ਹਾਂ ਦਾ ਇਕ ਬੱਚਾ ਅਨੰਦ ਤੇ 2 ਸਕੇ ਭਰਾ ਪ੍ਰਕਾਸ਼ ਤੇ ਪ੍ਰਤਾਪ ਵਾਸੀ ਬਿਹਾਰ ਹਾਲ ਵਾਸੀ ਅੱਲੋਵਾਲ ਬਟਾਲਾ ਦੇ ਤੌਰ 'ਤੇ ਹੋਈ |