ਘੱਲੂਘਾਰਾ ਸਾਹਿਬ, 1 ਜਨਵਰੀ (ਪਰਮ ਮਿਨਹਾਸ)-ਥਾਣਾ ਭੈਣੀ ਮੀਆਂ ਖਾਂ ਦੇ ਅਧੀਨ ਪੈਂਦੇ ਪਿੰਡ ਦਾਰਾਪੁਰ ਦੇ ਇਕ ਘਰ 'ਚੋਂ ਚੋਰ 2 ਲੱਖ ਰੁਪਏ ਤੇ ਦੋ ਤੋਲੇ ਤੋਂ ਵੱਧ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰ ਕੇ ਲੈ ਗਏ | ਪੀੜਤਾ ਰਾਜ ਪਤਨੀ ਪ੍ਰੇਮ ਮਸੀਹ ਵਾਸੀ ਦਾਰਾਪੁਰ ਨੇ ਦੱਸਿਆ ਕਿ ਬੁੱਧਵਾਰ ਦੀ ਰਾਤ 10:30 ਵਜੇ ਦੇ ਕਰੀਬ ਉਸ ਦਾ ਪਰਿਵਾਰ ਪਿੰਡ ਦੇ ਚਰਚ 'ਚ ਚੱਲ ਰਹੇ ਸਮਾਗਮ ਵਿਚ ਸ਼ਾਮਿਲ ਹੋਣ ਲਈ ਗਿਆ ਸੀ, ਜਦੋਂ ਉਸ ਦਾ ਪਰਿਵਾਰ 12:30 ਵਜੇ ਦੇ ਕਰੀਬ ਵਾਪਸ ਘਰ ਪੁੱਜਾ ਤਾਂ ਦੇਖਿਆ ਕਿ ਉਨ੍ਹਾਂ ਦੇ ਘਰ ਦੇ ਕਮਰੇ ਦੀ ਬਾਰੀ ਨੂੰ ਲੱਗੀ ਲੋਹੇ ਦੀ ਗਰਿੱਲ ਤੇ ਸ਼ੀਸ਼ਾ ਟੁੱਟਾ ਹੋਇਆ ਸੀ, ਜਦੋਂ ਅੰਦਰ ਦੇਖਿਆ ਤਾਂ ਅਲਮਾਰੀ 'ਚੋਂ 2 ਲੱਖ ਰੁਪਏ ਸਮੇਤ ਦੋ ਤੋਲੇ ਤੋਂ ਵੱਧ ਸੋਨੇ ਤੇ ਚਾਂਦੀ ਦੇ ਗਹਿਣੇ ਗਾਇਬ ਸਨ | ਪੀੜਤਾ ਨੇ ਦੱਸਿਆ ਕਿ ਇਹ ਚੋਰ ਗਰੋਹ ਘਰ ਦੀ ਛੱਤ ਉੱਪਰ ਬਣੀ ਮਮਟੀ ਰਾਹੀਂ ਘਰ ਦਾਖ਼ਲ ਹੋਇਆ ਤੇ ਉਸ ਕਮਰੇ ਦੀ ਬਾਰੀ ਤੇ ਲੋਹੇ ਦੀ ਗਰਿੱਲ ਨੂੰ ਤੋੜ ਕੇ ਅੰਦਰ ਪਹੁੰਚਿਆ, ਜਿਸ ਵਿਚ ਉਸ ਨੇ ਪੈਸੇ ਤੇ ਗਹਿਣੇ ਰੱਖੇ ਹੋਏ ਸਨ | ਪੀੜਤਾ ਨੇ ਦੱਸਿਆ ਕਿ ਇਹ ਪੈਸੇ ਉਨ੍ਹਾਂ ਨੇ ਕਿਸੇ ਨੂੰ ਦੇਣ ਵਾਸਤੇ ਆਪਣੇ ਘਰ ਰੱਖੇ ਹੋਏ ਹਨ | ਪੀੜਤ ਪਰਿਵਾਰ ਵਲੋਂ ਇਸ ਸਬੰਧੀ ਥਾਣਾ ਭੈਣੀ ਮੀਆਂ ਖਾਂ ਦੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ | ਮੌਕੇ 'ਤੇ ਪੁੱਜੀ ਪੁਲਿਸ ਵਲੋਂ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਪੀੜਤਾ ਨੇ ਸ਼ੱਕ ਜਾਹਿਰ ਕੀਤਾ ਕਿ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਕਿਸੇ ਭੇਤੀ ਵਲੋਂ ਦਿੱਤਾ ਗਿਆ ਹੈ, ਕਿਉਂਕਿ ਉਸ ਨੂੰ ਇਹ ਪਤਾ ਸੀ ਕਿ ਘਰ 'ਚ ਪੈਸੇ ਪਏ ਹੋਏ ਹਨ ਤੇ ਘਰ ਵਿਚ ਕੋਈ ਵੀ ਮੈਂਬਰ ਮੌਜੂਦ ਨਹੀਂ ਹੈ |