ਬਟਾਲਾ, 2 ਜਨਵਰੀ (ਸਤਿੰਦਰ ਸਿੰਘ)-ਨਗਰ ਨਿਗਮ ਬਟਾਲਾ ਦੀ ਹੋ ਰਹੀ ਨਵੀਂ ਵਾਰਡਬੰਦੀ ਨੂੰ ਰੱਦ ਕਰਵਾਉਣ ਲਈ ਹੁਣ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇ ਕੌਂਸਲਰ ਹਰਸਿਮਰਨ ਸਿੰਘ ਹੀਰਾ ਵਾਲੀਆ ਵਲੋਂ ਆਪਣੇ ਹੋਰ ਕੌਂਸਲਰ ਸਾਥੀਆਂ ਨਾਲ ਮਿਲ ਕੇ ਮਾਣਯੋਗ ਹਾਈਕੋਰਟ 'ਚ ਰਿੱਟ ਪਟੀਸ਼ਨ ਦਾਇਰ ਕੀਤੀ ਹੈ, ਜਿਸ 'ਤੇ ਸੁਣਵਾਈ ਕਰਦਿਆਂ ਮਾਨਯੋਗ ਹਾਈਕੋਰਟ ਵਲੋਂ ਨੋਟਿਸ ਕਰ ਕੇ ਜਿੱਥੇ ਸਟੇਅ ਜਾਰੀ ਕਰ ਦਿੱਤਾ ਗਿਆ ਹੈ, ਉੱਥੇ ਨਾਲ ਹੀ ਅਗਲੀ ਸੁਣਵਾਈ ਲਈ 3 ਫਰਵਰੀ 2026 ਦੀ ਤਰੀਕ ਪਾਈ ਹੈ | ਇਸ ਸਬੰਧੀ ਹੀਰਾ ਵਾਲੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਵਲੋਂ ਕਥਿਤ ਤੌਰ 'ਤੇ ਸਾਰੇ ਕਾਇਦੇ-ਕਾਨੂੰਨ ਛਿੱਕੇ 'ਤੇ ਟੰਗ ਕੇ ਨਵੀਂ ਵਾਰਡਬੰਦੀ ਕਰਵਾਈ ਜਾ ਰਹੀ ਹੈ, ਜਿਸ ਨੂੰ ਬੀਤੇ ਦਿਨੀਂ ਨਗਰ ਨਿਗਮ ਦੇ ਹਾਊਸ ਦੀ ਮੀਟਿੰਗ 'ਚ ਸਰਬਸੰਮਤੀ ਨਾਲ ਮਤਾ ਪਾਸ ਕਰਦਿਆਂ ਸਿਰੇ ਤੋਂ ਖਾਰਜ ਕੀਤਾ ਗਿਆ ਹੈ, ਕਿਉਂਕਿ ਨਾ ਤਾਂ ਨਗਰ ਨਿਗਮ ਬਟਾਲਾ ਦੀਆਂ 50 ਵਾਰਡਾਂ ਵਿਚ ਵੋਟਰਾਂ ਦੀ ਗਿਣਤੀ 'ਚ 10 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਨਾ ਹੀ ਨਗਰ ਨਿਗਮ ਦੇ ਅਧਿਕਾਰ ਖੇਤਰ ਵਿਚ ਕੋਈ ਹੋਰ ਏਰੀਏ ਸ਼ਾਮਿਲ ਕੀਤੇ ਗਏ ਹਨ | ਹੀਰਾ ਵਾਲੀਆ ਨੇ ਕਿਹਾ ਕਿ ਸਾਨੂੰ ਮਾਣਯੋਗ ਅਦਾਲਤ 'ਤੇ ਪੂਰਨ ਤੌਰ 'ਤੇ ਭਰੋਸਾ ਹੈ, ਇਸ ਲਈ ਨਵੀਂ ਵਾਰਡਬੰਦੀ ਸਬੰਧੀ ਜਿਹੜੇ ਵੀ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਕਾਰਵਾਈ ਕੀਤੀ ਗਈ ਹੈ, ਉਨ੍ਹਾਂ ਦੇ ਸਾਰੇ ਵੇਰਵੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਮੇਰੇ ਨਾਲ ਕੌਂਸਲਰ ਸੁਮਨ ਹਾਂਡਾ, ਕੌਂਸਲਰ ਅਨੂੰ ਅਗਰਵਾਲ, ਕੌਂਸਲਰ ਪੂਜਾ ਸ਼ਰਮਾ ਵਲੋਂ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਹੈ | ਇਸ ਮੌਕੇ ਭਾਜਪਾ ਨੇਤਾ ਸ਼ਕਤੀ ਸ਼ਰਮਾ, ਭੂਸ਼ਣ ਬਜਾਜ, ਪੰਕਜ ਸ਼ਰਮਾ, ਅੰਸ਼ੂ ਹਾਂਡਾ, ਬਲਵਿੰਦਰ ਮਹਿਤਾ, ਸੁਮਿਤ ਸੋਢੀ, ਦੀਪਕ ਜੋਸ਼ੀ, ਰਾਜ ਕੁਮਾਰ ਕਾਲੀ, ਸੰਦੀਪ ਆਜ਼ਾਦ ਆਦਿ ਹਾਜ਼ਰ ਸਨ |